5 ਭਾਰਤੀਆਂ ਦੀ ਮੌਤ ਦੇ ਮਾਮਲੇ ‘ਚ ਆਸਟ੍ਰੇਲੀਆਈ ਵਿਅਕਤੀ ‘ਤੇ ਲਗਾਏ ਗਏ ਦੋਸ਼

ਮੈਲਬੌਰਨ : ਆਸਟ੍ਰੇਲੀਆ ਦੇ ਮੈਲਬੌਰਨ ਵਿਚ ਪਿਛਲੇ ਮਹੀਨੇ ਇਕ ਪੱਬ ਦੇ ਬਾਹਰ ਭਾਰਤੀ ਮੂਲ ਦੇ ਦੋ ਪਰਿਵਾਰਾਂ ਦੇ ਪੰਜ ਮੈਂਬਰਾਂ ਨੂੰ ਵਾਹਨ ਨਾਲ ਦਰੜ ਦੇਣ ਦੇ ਦੋਸ਼ ਵਿਚ ਸੋਮਵਾਰ ਨੂੰ ਇਕ 66 ਸਾਲਾ ਆਸਟ੍ਰੇਲੀਆਈ ਵਿਅਕਤੀ ਖ਼ਿਲਾਫ਼ ਕਈ ਦੋਸ਼ ਦਰਜ ਕੀਤੇ ਗਏ। ਮੀਡੀਆ ‘ਚ ਪ੍ਰਕਾਸ਼ਿਤ ਖ਼ਬਰ ‘ਚ ਇਹ ਜਾਣਕਾਰੀ ਦਿੱਤੀ ਗਈ। ਵਿਲੀਅਮ ਸਵੈਲੇ ਨੂੰ 5 ਨਵੰਬਰ ਨੂੰ ਰਾਇਲ ਡੇਲਸਫੋਰਡ ਹੋਟਲ ਵਿੱਚ ਵਾਪਰੀ ਘਟਨਾ ਦੇ ਸਬੰਧ ਵਿੱਚ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 

ਇਸ ਹਾਦਸੇ ‘ਚ ਵਿਵੇਕ ਭਾਟੀਆ (38), ਉਸ ਦਾ ਬੇਟਾ ਵਿਹਾਨ (11), ਪ੍ਰਤਿਭਾ ਸ਼ਰਮਾ (44), ਉਸ ਦੀ 9 ਸਾਲਾ ਧੀ ਅਨਵੀ ਅਤੇ ਉਸ ਦਾ ਪਤੀ ਜਤਿਨ ਕੁਮਾਰ (30) ਦੀ ਮੌਤ ਹੋ ਗਈ ਸੀ, ਜਦਕਿ ਭਾਟੀਆ ਦਾ ਛੋਟਾ ਬੇਟਾ ਅਬੀਰ ਅਤੇ ਪਤਨੀ ਰੁਚੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਹੁਣ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਏਬੀਸੀ ਨਿਊਜ਼ ਦੀ ਰਿਪੋਰਟ ਅਨੁਸਾਰ ਸਵੈਲੇ ਜੋ ਪਿਛਲੇ ਤਿੰਨ ਦਹਾਕਿਆਂ ਤੋਂ ਟਾਈਪ ਵਨ ਡਾਇਬਟੀਜ਼ ਤੋਂ ਪੀੜਤ ਹੈ, ‘ਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਕਾਰਨ ਮੌਤ ਦੇ ਪੰਜ ਮਾਮਲੇ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਕਰਨ ਦੇ ਦੋ ਦੋਸ਼ ਅਤੇ ਜੀਵਨ ਨੂੰ ਖਤਰੇ ਵਿਚ ਪਾਉਣ ਵਾਲੇ ਲਾਪਰਵਾਹੀ ਦੇ ਵਤੀਰੇ ਦੇ ਸੱਤ ਦੋਸ਼ ਲਗਾਏ ਗਏ ਹਨ। 

ਜਾਂਚ ਅਧਿਕਾਰੀ ਸਾਰਜੈਂਟ ਪੀਟਰ ਰੋਮਨਿਸ ਨੇ ਸੋਮਵਾਰ ਨੂੰ ਮੈਲਬੌਰਨ ਮੈਜਿਸਟ੍ਰੇਟ ਅਦਾਲਤ ਨੂੰ ਦੱਸਿਆ ਕਿ ਸਵੈਲੇ ਨੇ ਹਾਦਸੇ ਤੋਂ ਲਗਭਗ 40 ਮਿੰਟ ਪਹਿਲਾਂ ਸ਼ਾਮ 5:17 ਵਜੇ ਆਪਣੇ ਬਲੱਡ ਸ਼ੂਗਰ ਦੇ ਪੱਧਰ ਦੀ ਜਾਂਚ ਕੀਤੀ ਸੀ। ਅਧਿਕਾਰੀ ਨੇ ਦੱਸਿਆ ਕਿ ਟੈਸਟ ‘ਚ ਸ਼ੂਗਰ ਦਾ ਪੱਧਰ 2.9 ਮਿਲੀਗ੍ਰਾਮ ਪ੍ਰਤੀ ਲੀਟਰ ਖੂਨ ਸੀ, ਜੋ ਸੁਰੱਖਿਅਤ ਸੀਮਾ ਤੋਂ ਹੇਠਾਂ ਹੈ। ਸਾਰਜੈਂਟ ਰੋਮਨਿਸ ਨੇ ਕਿਹਾ, “ਮੁਲਜ਼ਮ ਨੂੰ ਬਲੱਡ ਸ਼ੂਗਰ ਮਾਨੀਟਰਿੰਗ ਐਪ ਰਾਹੀਂ ਅੱਠ ਮੋਬਾਈਲ ਫੋਨ ਅਲਰਟ ਮਿਲੇ ਸਨ, ਜਿਨ੍ਹਾਂ ਨੂੰ ਉਸ ਨੇ ਹਾਦਸਾ ਵਾਪਰਨ ਤੋਂ ਪਹਿਲਾਂ ਨਜ਼ਰਅੰਦਾਜ਼ ਕਰ ਦਿੱਤਾ ਸੀ।” ਸਾਰਜੈਂਟ ਰੋਮਨਿਸ ਨੇ ਕਿਹਾ ਕਿ ਸਵਾਲੇ ਸ਼ਾਮ 5:20 ਵਜੇ ਇੱਕ ਬਾਰ ਵਿੱਚ ਦਾਖਲ ਹੋਇਆ ਸੀ ਅਤੇ ਆਪਣੀ ਗੱਡੀ ਵਿਚ ਵਾਪਸ ਆਉਣ ਤੋਂ ਪਹਿਲਾਂ ਉਹ ਇੱਕ ਟੇਬਲ ਮੰਗਦਾ ਸੀਸੀਟੀਵੀ ਵਿੱਚ ਰਿਕਾਰਡ ਕੀਤਾ ਗਿਆ ਸੀ। ਸਵਾਲੇ  ਖ਼ਿਲਾਫ਼ ਅਪਰਾਧਿਕ ਕੇਸ ਅਗਲੇ ਸਾਲ ਵੀ ਜਾਰੀ ਰਹੇਗਾ, ਜਦੋਂ ਇਹ ਨਿਰਧਾਰਤ ਕਰਨ ਲਈ ਸੁਣਵਾਈ ਕੀਤੀ ਜਾਵੇਗੀ ਕਿ ਕੀ ਕਾਉਂਟੀ ਜਾਂ ਸੁਪਰੀਮ ਕੋਰਟ ਵਿੱਚ ਮੁਕੱਦਮਾ ਚਲਾਉਣ ਲਈ ਉਸਦੇ ਖ਼ਿਲਾਫ਼ ਕਾਫ਼ੀ ਸਬੂਤ ਹਨ ਜਾਂ ਨਹੀਂ।

Add a Comment

Your email address will not be published. Required fields are marked *