ਅਚਾਨਕ ਪੂਰੇ ਸ਼੍ਰੀਲੰਕਾ ‘ਚ ਹੋ ਗਿਆ “Black Out”, ਹਨੇਰੇ ‘ਚ ਰਹਿਣ ਲਈ ਮਜਬੂਰ ਹੋਏ ਲੋਕ

ਸ਼੍ਰੀਲੰਕਾ ‘ਚ ਇਕ ਵਾਰ ਫਿਰ ਬਿਜਲੀ ਸੰਕਟ ਡੂੰਘਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਲਗਭਗ ਪੂਰੇ ਦੇਸ਼ ‘ਚ ਬਿਜਲੀ ਗੁਲ ਹੋਣ ਦੀਆਂ ਖ਼ਬਰਾਂ ਹਨ। ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਸਿਸਟਮ ਫੇਲ੍ਹ ਹੋਣ ਕਾਰਨ ਲਗਭਗ ਪੂਰੇ ਸ਼੍ਰੀਲੰਕਾ ਦੀ ਬਿਜਲੀ ਬੰਦ ਹੋ ਗਈ ਹੈ। ਇਕ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ ਭਰ ਵਿੱਚ ਬਿਜਲੀ ਕੱਟ ਲੱਗ ਰਹੇ ਹਨ।

ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਸੀਈਬੀ ਦੇ ਬੁਲਾਰੇ ਨੋਏਲ ਪ੍ਰਿਅੰਥਾ ਨੇ ਕਿਹਾ ਕਿ ਦੇਸ਼ ਵਿੱਚ ਬਿਜਲੀ ‘ਤੇ ਏਕਾਧਿਕਾਰ ਰੱਖਣ ਵਾਲਾ ਸੀਲੋਨ ਇਲੈਕਟ੍ਰੀਸਿਟੀ ਬੋਰਡ (ਸੀ.ਈ.ਬੀ.) ਬਿਜਲੀ ਬਹਾਲ ਕਰਨ ਲਈ ਕੰਮ ਕਰ ਰਿਹਾ ਹੈ। ਇਸ ਦੌਰਾਨ ਸੀਈਬੀ ਨੇ ਕਿਹਾ ਕਿ ਬਿਜਲੀ ਕੱਟ ਮੇਨ ਲਾਈਨ ਦੇ ਟੁੱਟਣ ਕਾਰਨ ਹੋਇਆ ਹੈ ਅਤੇ ਜਲਦੀ ਤੋਂ ਜਲਦੀ ਬਿਜਲੀ ਸਪਲਾਈ ਬਹਾਲ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।

2022 ‘ਚ ਸ਼੍ਰੀਲੰਕਾ ਨੂੰ ਇਕ ਡੂੰਘੇ ਆਰਥਿਕ ਸੰਕਟ ਵਿਚਾਲੇ 10 ਘੰਟੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਨਾਲ ਬਾਜ਼ਾਰਾਂ ‘ਚ ਗੜਬੜੀ ਵਾਲਾ ਮਾਹੌਲ ਬਣ ਗਿਆ। ਫਿਰ, ਪਾਵਰ ਰੈਗੂਲੇਟਰ ਨੇ 10 ਲੱਖ ਤੋਂ ਵੱਧ ਸਰਕਾਰੀ ਕਰਮਚਾਰੀਆਂ ਨੂੰ ਈਂਧਨ ਬਚਾਉਣ ਲਈ ਘਰੋਂ ਕੰਮ ਕਰਨ ਦੀ ਅਪੀਲ ਕੀਤੀ ਸੀ। ਦਰਅਸਲ, ਸ਼੍ਰੀਲੰਕਾ ਵਿਦੇਸ਼ੀ ਮੁਦਰਾ ਦੀ ਕਮੀ ਕਾਰਨ ਈਂਧਨ ਦੀ ਖੇਪ ਦਾ ਭੁਗਤਾਨ ਕਰਨ ਵਿੱਚ ਅਸਮਰੱਥ ਸੀ, ਜਿਸ ਕਾਰਨ ਬਿਜਲੀ ਦਾ ਵੱਡਾ ਸੰਕਟ ਵੀ ਪੈਦਾ ਹੋ ਗਿਆ।

ਸ਼੍ਰੀਲੰਕਾ ਦੇ ਜਨਤਕ ਉਪਯੋਗਤਾ ਕਮਿਸ਼ਨ ਦੇ ਚੇਅਰਮੈਨ ਜਨਕ ਰਤਨਾਇਕ ਨੇ ਉਦੋਂ ਕਿਹਾ ਸੀ, “ਅਸੀਂ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਜਨਤਕ ਖੇਤਰ, ਜਿਸ ਵਿੱਚ ਲਗਭਗ 1.3 ਮਿਲੀਅਨ ਕਰਮਚਾਰੀ ਹਨ, ਨੂੰ ਅਗਲੇ 2 ਦਿਨਾਂ ਲਈ ਘਰੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਅਸੀਂ ਈਂਧਨ ਅਤੇ ਬਿਜਲੀ ਦੀ ਕਮੀ ਨੂੰ ਬਿਹਤਰ ਢੰਗ ਨਾਲ ਮੈਨੇਜ ਕਰ ਸਕੀਏ।

Add a Comment

Your email address will not be published. Required fields are marked *