ਕਪੂਰਥਲਾ ਦੇ ਵਿਅਕਤੀ ਦੀ ਸਾਊਦੀ ਅਰਬ ‘ਚ ਮੌਤ

ਕਪੂਰਥਲਾ – ਕਪੂਰਥਲਾ ਦੇ ਪਿੰਡ ਪੀਰੇਵਾਲ ਦੇ ਰਹਿਣ ਵਾਲੇ ਵੀਰਪਾਲ ਨਾਂ ਦੇ ਵਿਅਕਤੀ ਦੀ ਸਾਊਦੀ ਅਰਬ ਵਿਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮੌਤ ਦਾ ਕਾਰਨ ਬ੍ਰੇਨ ਹੈਮਰੇਜ ਦੱਸਿਆ ਜਾ ਰਿਹਾ ਹੈ। ਉਥੇ ਹੀ ਮ੍ਰਿਤਕ ਦੇ ਪਰਿਵਾਰ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮ੍ਰਿਤਕ ਦੀ ਦੇਹ ਵਾਪਸੀ ਲਈ ਗੁਹਾਰ ਲਗਾਈ ਹੈ। ਮ੍ਰਿਤਕ ਦੇ ਪਰਿਵਾਰ ਮੁਤਾਬਕ ਵੀਰਪਾਲ ਪਿਛਲੇ ਕਰੀਬ 10 ਸਾਲ ਤੋਂ ਸਾਊਦੀ ਅਰਬ ਵਿਚ ਕੰਮ ਕਰ ਰਿਹਾ ਸੀ, ਜਿਸ ਦੇ ਜ਼ੀਰਏ ਹੀ ਘਰ ਦਾ ਪਾਲਣ-ਪੋਸ਼ਣ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ 6 ਦਸੰਬਰ ਨੂੰ ਉਨ੍ਹਾਂ ਨੂੰ ਸਾਊਦੀ ਅਰਬ ਤੋਂ ਫੋਨ ਜ਼ਰੀਏ ਸੂਚਨਾ ਮਿਲੀ ਕਿ ਵੀਰਪਾਲ ਦੀ ਬ੍ਰੇਨ ਹੈਮਰੇਜ ਕਾਰਨ ਮੌਤ ਹੋ ਗਈ ਹੈ। ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਵਿਚ ਮਾਤਮ ਛਾ ਗਿਆ।  ਪੀੜਤ ਪਰਿਵਾਰ ਦੇ ਮੁਤਾਬਕ ਵੀਰਪਾਲ ਦੇ ਦੋ ਬੱਚੇ ਹਨ, ਜਿਨ੍ਹਾਂ ਵਿਚ ਇਕ ਕੁੜੀ ਅਤੇ ਮੁੰਡਾ ਹੈ। ਦੋਹਾਂ ਦੀ ਉਮਰ ਕਰੀਬ 13 ਅਤੇ 15 ਸਾਲ ਦੱਸੀ ਜਾ ਰਹੀ ਹੈ। 

ਉਨ੍ਹਾਂ ਦੱਸਿਆ ਕਿ ਵੀਰਪਾਲ ਅਕਸਰ ਛੁੱਟੀ ‘ਤੇ ਘਰ ਆਉਂਦਾ ਰਹਿੰਦਾ ਸੀ ਅਤੇ ਕਰੀਬ ਇਕ ਮਹੀਨਾ ਪਹਿਲਾਂ ਉਹ ਵਾਪਸ ਸਾਊਦੀ ਅਰਬ ਗਿਆ ਸੀ ਅਤੇ ਉਹ ਰੋਜ਼ਾਨਾ ਆਪਣੇ ਪਰਿਵਾਰ ਨਾਲ ਫੋਨ ‘ਤੇ ਗੱਲ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਹ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਤੋਂ ਪੀੜਤ ਨਹੀਂ ਸੀ ਅਤੇ ਪੂਰੀ ਤਰ੍ਹਾਂ ਤੰਦਰੁਸਤ ਸੀ। ਅਚਾਨਕ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਵਾਲੇ ਸਦਮੇ ਵਿਚ ਹਨ।  ਪੀੜਤ ਪਰਿਵਾਰ ਨੇ ਵੀਰਪਾਲ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਪੰਜਾਬ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਮਦਦ ਦੀ ਮੰਗ ਕੀਤੀ ਹੈ, ਜਿਸ ਲਈ ਉਨ੍ਹਾਂ ਦੇ ਦਫ਼ਤਰ ਵਿਚ ਮੰਗ ਪੱਤਰ ਵੀ ਦਿੱਤਾ ਗਿਆ ਹੈ।

Add a Comment

Your email address will not be published. Required fields are marked *