100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ‘ਚ 4 ਭਾਰਤੀ, 5ਵੀਂ ਵਾਰ ਸੂਚੀ ‘ਚ ਸ਼ਾਮਲ ਨਿਰਮਲਾ ਸੀਤਾਰਮਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਫੋਰਬਸ ਦੀ ਸਭ ਤੋਂ ਤਾਕਤਵਰ ਔਰਤਾਂ ਦੀ ਸੂਚੀ ਵਿੱਚ ਥਾਂ ਬਣਾ ਲਈ ਹੈ। ਉਹ 32ਵੇਂ ਸਥਾਨ ‘ਤੇ ਹੈ, ਜਿਸ ਵਿਚ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਗਾਇਕਾ ਟੇਲਰ ਸਵਿਫਟ ਵੀ ਸ਼ਾਮਲ ਹਨ। ਇਸ ਸੂਚੀ ਵਿੱਚ ਤਿੰਨ ਹੋਰ ਭਾਰਤੀ ਔਰਤਾਂ ਵੀ ਸ਼ਾਮਲ ਹਨ, ਜਿਨ੍ਹਾਂ ਦੇ ਨਾਮ HCL ਕਾਰਪੋਰੇਸ਼ਨ ਦੀ ਸੀਈਓ ਰੋਸ਼ਨੀ ਨਾਦਰ ਮਲਹੋਤਰਾ (ਰੈਂਕ 60), ਸਟੀਲ ਅਥਾਰਟੀ ਆਫ਼ ਇੰਡੀਆ ਦੀ ਚੇਅਰਪਰਸਨ ਸੋਮਾ ਮੰਡਲ (ਰੈਂਕ 70), ਅਤੇ ਬਾਇਓਕਾਨ ਦੀ ਸੰਸਥਾਪਕ ਕਿਰਨ ਮਜ਼ੂਮਦਾਰ-ਸ਼ਾ (ਰੈਂਕ 76) ਹਨ।

ਇਹ ਲਗਾਤਾਰ ਪੰਜਵੀਂ ਵਾਰ ਹੈ, ਜਦੋਂ ਨਿਰਮਲਾ ਸੀਤਾਰਮਨ ਨੇ ਇਸ ਸੂਚੀ ਵਿੱਚ ਜਗ੍ਹਾ ਬਣਾਈ ਹੈ। ਪਿਛਲੇ ਸਾਲ ਉਹ ਇਸ ਸੂਚੀ ‘ਚ 36ਵੇਂ ਸਥਾਨ ‘ਤੇ ਸੀ, ਭਾਵ ਇਸ ਵਾਰ ਉਹ 4 ਸਥਾਨ ਉੱਪਰ ਹੈ। ਜਦੋਂ ਕਿ 2021 ਵਿੱਚ ਉਸ ਨੇ 37ਵਾਂ ਸਥਾਨ ਹਾਸਲ ਕੀਤਾ ਸੀ। ਫੋਰਬਸ ਦੀ ਸ਼ਕਤੀਸ਼ਾਲੀ ਔਰਤਾਂ ਦੀ ਸਾਲਾਨਾ ਸੂਚੀ ‘ਚ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ‘ਚ ਯੂਰਪੀਅਨ ਕਮਿਸ਼ਨ ਦੀ ਮੁਖੀ ਉਰਸੁਲਾ ਵਾਨ ਡੇਰ ਲੇਅਨ (European Commission chief Ursula von der Leyen) ਚੋਟੀ ‘ਤੇ ਹੈ। ਇਸ ਤੋਂ ਬਾਅਦ ਯੂਰਪੀਅਨ ਸੈਂਟਰਲ ਬੈਂਕ ਦੀ ਬੌਸ ਕ੍ਰਿਸਟੀਨ ਲੈਗਾਰਡ ਦੂਜੇ ਸਥਾਨ ‘ਤੇ ਅਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲ ਹੈਰਿਸ ਇਸ ਸੂਚੀ ‘ਚ ਤੀਜੇ ਸਥਾਨ ‘ਤੇ ਹੈ। 

ਸੀਤਾਰਮਨ ਮਈ 2019 ਵਿੱਚ ਭਾਰਤ ਦੀ ਪਹਿਲੀ ਫੁੱਲ-ਟਾਈਮ ਵਿੱਤ ਮੰਤਰੀ ਬਣੀ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੀ ਵੀ ਮੁਖੀ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਸਨੇ ਯੂਕੇ ਐਸੋਸੀਏਸ਼ਨ ਆਫ਼ ਐਗਰੀਕਲਚਰਲ ਇੰਜੀਨੀਅਰਜ਼ ਅਤੇ ਬੀਬੀਸੀ ਵਰਲਡ ਸਰਵਿਸ ਵਿੱਚ ਭੂਮਿਕਾਵਾਂ ਨਿਭਾਈਆਂ। ਇਸ ਤੋਂ ਇਲਾਵਾ ਉਹ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਵੀ ਰਹਿ ਚੁੱਕੀ ਹੈ।

ਸੀਈਓ ਰੋਸ਼ਨੀ ਨਾਦਰ ਮਲਹੋਤਰਾ ਐੱਚਸੀਐੱਲ ਦੇ ਸੰਸਥਾਪਕ ਅਤੇ ਉਦਯੋਗਪਤੀ ਸ਼ਿਵ ਨਾਦਰ ਦੀ ਧੀ ਹੈ। ਫੋਰਬਸ ਨੇ ਕਿਹਾ ਕਿ ਐੱਚਸੀਐੱਲ ਟੈਕਨਾਲੋਜੀਜ਼ ਦੀ ਚੇਅਰਪਰਸਨ ਵਜੋਂ ਉਹ ਕੰਪਨੀ ਦੇ ਸਾਰੇ ਰਣਨੀਤਕ ਫ਼ੈਸਲਿਆਂ ਲਈ ਜ਼ਿੰਮੇਵਾਰ ਹੈ। ਉਸਨੇ ਜੁਲਾਈ 2020 ਵਿੱਚ ਆਪਣੇ ਪਿਤਾ ਤੋਂ ਬਾਅਦ ਅਹੁਦਾ ਸੰਭਾਲਿਆ ਸੀ।

ਫੋਰਬਸ ਮੁਤਾਬਕ ਸੋਮਾ ਮੰਡਲ ਸਰਕਾਰੀ ਮਾਲਕੀ ਵਾਲੀ ਸਟੀਲ ਅਥਾਰਟੀ ਆਫ ਇੰਡੀਆ (ਸੇਲ) ਦੀ ਪਹਿਲੀ ਮਹਿਲਾ ਚੇਅਰਪਰਸਨ ਹੈ। 2021 ਵਿੱਚ ਭੂਮਿਕਾ ਸੰਭਾਲਣ ਤੋਂ ਬਾਅਦ ਉਸਨੇ ਵਿੱਤੀ ਵਿਕਾਸ ਨੂੰ ਰਿਕਾਰਡ ਕਰਨ ਲਈ ਸਟੀਲ ਨਿਰਮਾਤਾ ਦੀ ਅਗਵਾਈ ਕੀਤੀ ਹੈ। ਦੱਸ ਦੇਈਏ ਕਿ ਉਨ੍ਹਾਂ ਦੀ ਅਗਵਾਈ ਦੇ ਪਹਿਲੇ ਸਾਲ ‘ਚ ਫਰਮ ਦਾ ਮੁਨਾਫਾ ਤਿੰਨ ਗੁਣਾ ਵਧ ਗਿਆ ਸੀ। ਫੋਰਬਸ ਨੇ ਦੱਸਿਆ ਕਿ ਮਜੂਮਦਾਰ-ਸ਼ਾ ਭਾਰਤ ਦੀਆਂ ਸਭ ਤੋਂ ਅਮੀਰ ਸੈਲਫ-ਮੇਡ ਔਰਤਾਂ ਵਿੱਚੋਂ ਇੱਕ ਹੈ। ਉਸਨੇ 1978 ਵਿੱਚ ਬਾਇਓਫਾਰਮਾਸਿਊਟੀਕਲ ਫਰਮ ਬਾਇਓਕੋਨ ਦੀ ਸਥਾਪਨਾ ਕੀਤੀ, ਜਿਸਦੀ ਮਲੇਸ਼ੀਆ ਦੇ ਜੋਹੋਰ ਖੇਤਰ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਇਨਸੁਲਿਨ ਫੈਕਟਰੀ ਹੈ।

Add a Comment

Your email address will not be published. Required fields are marked *