ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਭਾਰਤ ਦੇ ਖ਼ਿਲਾਫ਼ ਸੀਰੀਜ਼ ਮਹੱਤਵਪੂਰਨ : ਹੀਥਰ ਨਾਈਟ

ਮੁੰਬਈ — ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹੀਥਰ ਨਾਈਟ ਨੇ ਭਾਰਤ ਖ਼ਿਲਾਫ਼ ਟੀ-20 ਸੀਰੀਜ਼ ਨੂੰ ਬਹੁਤ ਮਹੱਤਵਪੂਰਨ ਕਰਾਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਅਗਲੇ ਸਾਲ ਬੰਗਲਾਦੇਸ਼ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਚ ਵੀ ਇਸੇ ਤਰ੍ਹਾਂ ਦੇ ਹਾਲਾਤ ‘ਚ ਖੇਡਣਾ ਹੋਵੇਗਾ। ਭਾਰਤ ਅਤੇ ਇੰਗਲੈਂਡ ਦੀਆਂ ਮਹਿਲਾ ਟੀਮਾਂ ਵਿਚਾਲੇ ਬੁੱਧਵਾਰ ਤੋਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ।

ਨਾਈਟ ਨੇ ਮੈਚ ਦੀ ਪੂਰਵ ਸੰਧਿਆ ‘ਤੇ ਕਿਹਾ, ‘ਭਾਰਤੀ ਹਾਲਾਤ ‘ਚ ਖੇਡਣ ਨਾਲ ਮੈਂ  ਆਪਣੀ ਖੇਡ ਬਾਰੇ ਬਹੁਤ ਕੁਝ ਸਿੱਖਿਆ। ਇਕ ਕ੍ਰਿਕਟਰ ਦੇ ਤੌਰ ‘ਤੇ ਇਹ ਤੁਹਾਡੀ ਅਸਲੀ ਪ੍ਰੀਖਿਆ ਹੁੰਦੀ ਹੈ। ਇੱਥੇ ਤੁਹਾਡੇ ਹੁਨਰ ਅਤੇ ਦਬਾਅ ਵਿੱਚ ਖੇਡਣ ਦੀ ਸਮਰੱਥਾ ਦੀ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਖਿਡਾਰੀ ਦੇ ਤੌਰ ‘ਤੇ ਤਰੱਕੀ ਕਰਨ ਲਈ ਇੱਕ ਬਹੁਤ ਵਧੀਆ ਜਗ੍ਹਾ ਹੈ। ਇੱਥੇ ਤੁਹਾਨੂੰ ਆਪਣੇ ਨੌਜਵਾਨ ਖਿਡਾਰੀਆਂ ਨੂੰ ਪਰਖਣ ਦਾ ਮੌਕਾ ਵੀ ਮਿਲਦਾ ਹੈ। ਅਸੀਂ ਅਗਲੇ ਸਾਲ ਬੰਗਲਾਦੇਸ਼ ਵਿੱਚ ਟੀ-20 ਵਿਸ਼ਵ ਕੱਪ ਖੇਡਣਾ ਹੈ ਜਿੱਥੇ ਸਾਨੂੰ ਇਸੇ ਤਰ੍ਹਾਂ ਦੇ ਹਾਲਾਤ ਵਿੱਚ ਖੇਡਣਾ ਹੋਵੇਗਾ। ਇਸ ਲਈ ਭਾਰਤ ਦਾ ਇਹ ਦੌਰਾ ਬਹੁਤ ਮਹੱਤਵਪੂਰਨ ਹੈ।

ਟੀ-20 ਵਿਸ਼ਵ ਕੱਪ ਅਗਲੇ ਸਾਲ ਸਤੰਬਰ ਅਤੇ ਅਕਤੂਬਰ ‘ਚ ਬੰਗਲਾਦੇਸ਼ ‘ਚ ਖੇਡਿਆ ਜਾਵੇਗਾ। ਇੰਗਲੈਂਡ ਦੀ ਟੀ-20 ਟੀਮ ਦੇ ਕਈ ਮੈਂਬਰ ਸੀਰੀਜ਼ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਹੀ ਭਾਰਤ ਪਹੁੰਚ ਚੁੱਕੇ ਹਨ। ਇਹ ਸੀਰੀਜ਼ 6, 9 ਅਤੇ 10 ਦਸੰਬਰ ਨੂੰ ਵਾਨਖੇੜੇ ਸਟੇਡੀਅਮ ‘ਚ ਖੇਡੀ ਜਾਵੇਗੀ। ਨਾਈਟ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਲਈ ਸਭ ਤੋਂ ਵੱਡੀ ਚੁਣੌਤੀ ਭਾਰਤੀ ਦਰਸ਼ਕਾਂ ਨੂੰ ਚੁੱਪ ਕਰਾਉਣਾ ਹੋਵੇਗੀ ਕਿਉਂਕਿ ਮੇਜ਼ਬਾਨ ਦੇਸ਼ ਦੇ ਖ਼ਿਲਾਫ਼ ਉਨ੍ਹਾਂ ਦੇ ਚੰਗੇ ਰਿਕਾਰਡ ਦੇ ਬਾਵਜੂਦ ਭਾਰਤੀ ਟੀਮ ਕੋਲ ਵਿਸ਼ਵ ਪੱਧਰੀ ਖਿਡਾਰੀ ਹਨ ਜੋ ਉਨ੍ਹਾਂ ਨੂੰ ਬਿਹਤਰ ਟੀਮ ਬਣਾਉਂਦੇ ਹਨ। ਉਨ੍ਹਾਂ ਨੇ ਕਿਹਾ, ‘ਅਸੀਂ ਉਨ੍ਹਾਂ ਦੇ ਖ਼ਿਲਾਫ਼ ਕੁਝ ਚੰਗੇ ਟੀ-20 ਮੈਚ ਖੇਡੇ ਹਨ। ਉਨ੍ਹਾਂ ਕੋਲ ਵਿਸ਼ਵ ਪੱਧਰੀ ਖਿਡਾਰੀ ਹਨ ਅਤੇ ਘਰੇਲੂ ਹਾਲਾਤ ਵਿੱਚ ਉਨ੍ਹਾਂ ਦਾ ਸਾਹਮਣਾ ਕਰਨਾ ਚੁਣੌਤੀਪੂਰਨ ਹੋਵੇਗਾ।

Add a Comment

Your email address will not be published. Required fields are marked *