ਬਾਬੇ ਦੀ ਕੁੱਟਮਾਰ ਦਾ ਬਦਲਾ ਲੈਣ ਲਈ ਨੌਜਵਾਨ ਦਾ ਕਤਲ

ਚੰਡੀਗੜ੍ਹ : ਧਨਾਸ ਵਾਸੀ ਪ੍ਰਵੇਸ਼ ਉਰਫ਼ ਬਾਬਾ ’ਤੇ ਹਮਲਾ ਕਰਨ ਦਾ ਬਦਲਾ ਉਸ ਦੇ ਦੋ ਕਾਰ ਸਵਾਰ ਸਾਥੀਆਂ ਵਲੋਂ ਹਮਲਾਵਰ ਨੂੰ ਕੁੱਟ-ਕੁੱਟ ਕੇ ਮਾਰ ਕੇ ਲਿਆ ਗਿਆ। ਕਾਰ ਸਵਾਰ ਨੌਜਵਾਨਾਂ ਨੇ ਪਹਿਲਾਂ ਸੈਕਟਰ-25 ਦੇ ਮੋੜ ’ਤੇ ਮੋਟਰਸਾਈਕਲ ਸਵਾਰ ਹਮਲਾਵਰ ਨੂੰ ਟੱਕਰ ਮਾਰੀ, ਉਸ ਨੂੰ ਕੁੱਟਿਆ, ਉਸ ਦੀਆਂ ਦੋਵੇਂ ਲੱਤਾਂ ’ਤੇ ਡੰਡਿਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ ਅਤੇ ਲਹੂ-ਲੁਹਾਨ ਕਰ ਕੇ ਭੱਜ ਗਏ। ਪੁਲਸ ਨੇ ਜ਼ਖਮੀ ਨੌਜਵਾਨ ਨੂੰ ਪੀ. ਜੀ. ਆਈ. ਦਾਖਲ ਕਰਵਾਇਆ ਪਰ ਜ਼ਿਆਦਾ ਖੂਨ ਵਗਣ ਕਾਰਨ ਮੰਗਲਵਾਰ ਤੜਕੇ ਨੌਜਵਾਨ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਸੈਕਟਰ-25 ਦੇ ਰਹਿਣ ਵਾਲੇ ਅਜੇ ਵਜੋਂ ਹੋਈ ਹੈ। ਅਜੇ ਦੀ ਮੌਤ ਹੁੰਦਿਆਂ ਹੀ ਪਰਿਵਾਰਕ ਮੈਂਬਰਾਂ ਅਤੇ ਕਾਲੋਨੀ ਦੇ ਲੋਕਾਂ ਨੇ ਸੈਕਟਰ-25/38 ਲਾਈਟ ਪੁਆਇੰਟ ’ਤੇ ਧਰਨਾ ਦੇ ਕੇ ਜਾਮ ਲਾ ਦਿੱਤਾ। ਜਦੋਂ ਪੁਲਸ ਪਰਿਵਾਰਕ ਮੈਂਬਰਾਂ ਨੂੰ ਥਾਣੇ ਲੈ ਕੇ ਗਈ ਤਾਂ ਉਨ੍ਹਾਂ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਸੈਕਟਰ-11 ਥਾਣੇ ਦੀ ਪੁਲਸ ਨੇ ਪਹਿਲਾਂ ਮ੍ਰਿਤਕ ਅਜੇ ਦੇ ਬਿਆਨਾਂ ’ਤੇ ਧਰਮਿੰਦਰ ਵਾਸੀ ਨਵਾਂਗਾਓਂ, ਅਜੇ, ਸਾਬੂ, ਸੈਕਟਰ-25 ਵਾਸੀ ਸਪੋਟੀ ਅਤੇ ਧਨਾਸ ਵਾਸੀ ਸਪੋਟੀ ਖ਼ਿਲਾਫ਼ ਅਸਲਾ ਐਕਟ ਅਤੇ ਕੁੱਟਮਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਹੁਣ ਪੁਲਸ ਨੇ ਇਸ ਕੇਸ ਵਿਚ ਕਤਲ ਦੀ ਧਾਰਾ ਜੋਡ਼ ਦਿੱਤੀ ਹੈ। ਮੁਲਜ਼ਮਾਂ ਦੇ ਨਾ ਫਡ਼ੇ ਜਾਣ ’ਤੇ ਲੋਕਾਂ ਨੇ ਮੰਗਲਵਾਰ ਸ਼ਾਮ 3 ਘੰਟੇ ਤਕ ਸਡ਼ਕ ਜਾਮ ਕਰ ਦਿੱਤੀ। ਪੁਲਸ ਨੇ ਟ੍ਰੈਫਿਕ ਨੂੰ ਮੋਡ਼ ਦਿੱਤਾ। ਡੀ. ਐੱਸ. ਪੀ. ਦੇ ਭਰੋਸੇ ਤੋਂ ਬਾਅਦ ਲੋਕਾਂ ਨੇ ਜਾਮ ਖੋਲ੍ਹ ਦਿੱਤਾ।

ਸੈਕਟਰ-25 ਦੇ ਵਸਨੀਕ ਅਜੇ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਐਤਵਾਰ ਰਾਤ 1.30 ਵਜੇ ਉਹ ਸੈਕਟਰ-25 ਤੋਂ ਗਲਤ ਪਾਸੇ ਤੋਂ ਪੰਜਾਬ ਯੂਨੀਵਰਸਿਟੀ ਵੱਲ ਜਾ ਰਿਹਾ ਸੀ। ਸਾਹਮਣਿਓਂ ਇਕ ਕਾਲੇ ਰੰਗ ਦੀ ਕਾਰ ਨੇ ਆ ਕੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਉਹ ਸੜਕ ’ਤੇ ਡਿੱਗ ਗਿਆ। ਇਕ ਕਾਰ ਪਿੱਛੇ ਆ ਕੇ ਰੁਕੀ। ਨੌਜਵਾਨ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਦੋਵਾਂ ਵਾਹਨਾਂ ਤੋਂ ਹੇਠਾਂ ਉੱਤਰੇ ਅਤੇ ਉਸ ਦੀਆਂ ਦੋਵੇਂ ਲੱਤਾਂ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਨਿਆਂਗਾਓਂ ਦੇ ਰਹਿਣ ਵਾਲੇ ਧਰਮਿੰਦਰ ਨੇ ਉਸ ਦੀ ਲੱਤ ’ਤੇ ਡੰਡੇ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਅਜੇ ਦੀ ਸੱਜੀ ਲੱਤ ’ਤੇ ਡੰਡੇ ਨਾਲ ਵਾਰ ਕੀਤਾ ਤਾਂ ਉਹ ਸੜਕ ’ਤੇ ਡਿੱਗ ਗਿਆ। ਸਾਬੂ ਅਤੇ ਸਪੋਟੀ ਨੇ ਹਥਿਆਰਾਂ ਨਾਲ ਹਮਲਾ ਕੀਤਾ। ਉਨ੍ਹਾਂ ਦੇ ਨਾਲ ਆਏ ਨੌਜਵਾਨਾਂ ਨੇ ਉਸ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੀ ਜਾਨ ਬਚਾਉਣ ਲਈ ਰੌਲਾ ਪਾਇਆ ਪਰ ਕੋਈ ਨਹੀਂ ਆਇਆ। ਹਮਲਾਵਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਰਾਰ ਹੋ ਗਏ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਪੀ. ਜੀ. ਆਈ. ਵਿਚ ਦਾਖ਼ਲ ਕਰਵਾਇਆ। ਡੰਡੇ ਅਤੇ ਲੋਹੇ ਦੀਆਂ ਰਾਡਾਂ ਲੱਤਾਂ ’ਤੇ ਵੱਜਣ ਕਾਰਨ ਅਜੇ ਦਾ ਕਾਫੀ ਖੂਨ ਵਗ ਗਿਆ ਸੀ।

Add a Comment

Your email address will not be published. Required fields are marked *