ਥਾਈਲੈਂਡ ‘ਚ ਵਾਪਰਿਆ ਬੱਸ ਹਾਦਸਾ, 14 ਲੋਕਾਂ ਦੀ ਦਰਦਨਾਕ ਮੌਤ

ਬੈਂਕਾਕ : ਪੱਛਮੀ ਥਾਈਲੈਂਡ ਵਿੱਚ ਮੰਗਲਵਾਰ ਸਵੇਰੇ ਇੱਕ ਯਾਤਰੀ ਬੱਸ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇੱਕ ਸਥਾਨਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਪ੍ਰਚੁਅਪ ਖੀਰੀ ਖਾਨ ਸੂਬੇ ਵਿੱਚ ਵਾਪਰਿਆ, ਜਦੋਂ ਬੱਸ ਬੈਂਕਾਕ ਤੋਂ ਦੂਰ ਦੱਖਣ ਵੱਲ ਸੋਂਗਖਲਾ ਸੂਬੇ ਵੱਲ ਜਾ ਰਹੀ ਸੀ। ਬੱਸ ਵਿੱਚ 49 ਲੋਕ ਸਵਾਰ ਸਨ। 

ਅਚਾਨਕ ਬੱਸ ਸੜਕ ਤੋਂ ਉਤਰ ਗਈ ਅਤੇ ਹੈਟ ਵੈਨਾਕੋਰਨ ਨੈਸ਼ਨਲ ਪਾਰਕ ਦੇ ਕੋਲ ਇੱਕ ਦਰੱਖਤ ਨਾਲ ਟਕਰਾ ਗਈ। ਪ੍ਰਚੁਅਪ ਖੀਰੀ ਖਾਨ ਪ੍ਰਾਂਤ ਥਾਈਲੈਂਡ ਦੀ ਖਾੜੀ ਅਤੇ ਮਿਆਂਮਾਰ ਦੇ ਵਿਚਕਾਰ ਫੈਲੇ ਤੱਟ ‘ਤੇ ਸਥਿਤ ਹੈ। ਹੁਆਈ ਯਾਂਗ ਪੁਲਸ ਸਟੇਸ਼ਨ ਦੇ ਸੁਪਰਡੈਂਟ ਕਰਨਲ ਵੀਰਪਤ ਕੇਤੇਸਾ ਨੇ ਕਿਹਾ, “ਸਾਨੂੰ ਸ਼ੱਕ ਹੈ ਕਿ ਬੱਸ ਡਰਾਈਵਰ ਸੌਂ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।” ਉਨ੍ਹਾਂ ਕਿਹਾ ਕਿ ਅਧਿਕਾਰੀ ਡਰਾਈਵਰ ਦੇ ਖੂਨ ਦੀ ਜਾਂਚ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ।

ਹਾਦਸੇ ਵਿੱਚ ਡਰਾਈਵਰ ਵਾਲ-ਵਾਲ ਬਚ ਗਿਆ। ਅਧਿਕਾਰੀ ਨੇ ਦੱਸਿਆ ਕਿ ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਵੀਰਪਤ ਨੇ ਕਿਹਾ ਕਿ ਜ਼ਿਆਦਾਤਰ ਪੀੜਤ ਥਾਈਲੈਂਡ ਦੇ ਨਿਵਾਸੀ ਸਨ ਅਤੇ ਕੁਝ ਮਿਆਂਮਾਰ ਦੇ ਨਾਗਰਿਕ ਸਨ। ‘ਸਾਵਾਂਗ ਰੁੰਗਰੂਂਗ ਰੈਸਕਿਊ ਫਾਊਂਡੇਸ਼ਨ’ ਮੁਤਾਬਕ ਕਰੀਬ 35 ਲੋਕ ਸਥਾਨਕ ਹਸਪਤਾਲਾਂ ‘ਚ ਇਲਾਜ ਅਧੀਨ ਹਨ।

Add a Comment

Your email address will not be published. Required fields are marked *