ਪਾਕਿ ਮਹਿਲਾ ਕ੍ਰਿਕਟ ਟੀਮ ਇਤਿਹਾਸ ‘ਚ ਪਹਿਲੀ ਵਾਰ ਨਿਊਜ਼ੀਲੈਂਡ ਖ਼ਿਲਾਫ਼ ਜਿੱਤਿਆ ਟੀ-20 ਮੈਚ

ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ 3 ਟੀ-20 ਮੈਚਾਂ ਦੀ ਲੜੀ ਖੇਡਣ ਲਈ ਨਿਊਜ਼ੀਲੈਂਡ ਗਈ ਹੋਈ ਹੈ। ਇਸ ਲੜੀ ਦਾ ਪਹਿਲਾ ਮੈਚ ਡਿਊਨਡਿਨ ਸਥਿਤ ਯੂਨੀਵਰਸਿਟੀ ਓਵਲ ਸਟੇਡੀਅਮ ‘ਚ ਖੇਡਿਆ ਗਿਆ, ਜਿਸ ‘ਚ ਪਾਕਿਸਤਾਨ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਨਿਊਜ਼ੀਲੈਂਡ ਦੀ ਟੀਮ ਨੂੰ 7 ਵਿਕਟਾਂ ਨਾਲ ਹਰਾ ਦਿੱਤਾ।

ਇਹ ਜਿੱਤ ਪਾਕਿਸਤਾਨੀ ਟੀਮ ਲਈ ਬੇਹੱਦ ਖ਼ਾਸ ਰਹੀ, ਕਿਉਂਕਿ ਇਹ ਪਾਕਿਸਤਾਨੀ ਮਹਿਲਾ ਟੀਮ ਦੀ ਨਿਊਜ਼ੀਲੈਂਡ ਮਹਿਲਾ ਟੀਮ ਖ਼ਿਲਾਫ਼ ਪਹਿਲੀ ਟੀ-20 ਜਿੱਤ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਾਲੇ 8 ਮੈਚ ਖੇਡੇ ਗਏ ਸਨ, ਜਿਨ੍ਹਾਂ ‘ਚੋਂ ਪਾਕਿਸਤਾਨ ਨੂੰ ਇਕ ਮੈਚ ‘ਚ ਵੀ ਜਿੱਤ ਹਾਸਲ ਨਹੀਂ ਹੋਈ ਸੀ। ਪਰ ਇਸ ਮੁਕਾਬਲੇ ‘ਚ ਜਿੱਤ ਦਰਜ ਕਰ ਕੇ ਪਾਕਿਸਤਾਨੀ ਮਹਿਲਾ ਟੀਮ ਨੇ ਨਿਊਜ਼ੀਲੈਂਡ ਮਹਿਲਾ ਟੀਮ ਖ਼ਿਲਾਫ਼ ਪਹਿਲੀ ਜਿੱਤ ਦਰਜ ਕਰ ਕੇ ਜਿੱਤ ਦਾ ਖ਼ਾਤਾ ਖੋਲ੍ਹ ਲਿਆ ਹੈ। 

ਜੇਕਰ ਮੈਚ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੀ ਕਪਤਾਨ ਸੋਫੀ ਡਿਵਾਈਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਸ਼ੁਰੂਆਤ ‘ਚ ਨਿਊਜ਼ੀਲੈਂਡ ਦੀ ਟੀਮ ਵੱਡੇ ਸਕੋਰ ਵੱਲ ਵਧਦੀ ਹੋਈ ਨਜ਼ਰ ਆ ਰਹੀ ਸੀ, ਪਰ ਪਾਕਿਸਤਾਨੀ ਗੇਂਦਬਾਜ਼ ਫਾਤਿਮਾ ਸਨਾ ਦੀ ਗੇਂਦਬਾਜ਼ੀ ਨੇ ਨਿਊਜ਼ੀਲੈਂਡ ਦੇ ਓਪਨਿੰਗ ਬੱਲੇਬਾਜ਼ਾਂ ਨੂੰ ਟਿਕਣ ਦਾ ਮੌਕਾ ਨਾ ਦਿੱਤਾ ਤੇ ਆਪਣੇ 4 ਓਵਰਾਂ ‘ਚ 18 ਦੌੜਾਂ ਦੇ ਕੇ 3 ਬੱਲੇਬਾਜ਼ਾਂ ਨੂੰ ਆਊਟ ਕੀਤਾ। ਉਸ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਦੀ ਟੀਮ ਸ਼ਾਨਦਾਰ ਸ਼ੁਰੂਆਤ ਦੇ ਬਾਵਜੂਦ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 127 ਦੌੜਾਂ ਹੀ ਬਣਾ ਸਕੀ। ਨਿਊਜ਼ੀਲੈਂਡ ਵੱਲੋਂ ਮੈਡੀ ਗ੍ਰੀਨ ਨੇ ਸਭ ਤੋਂ ਵੱਧ 28 ਗੇਂਦਾਂ ‘ਚ 43 ਦੌੜਾਂ ਬਣਾਈਆਂ, ਉਸ ਤੋਂ ਇਲਾਵਾ ਸੂਜ਼ੀ ਬੇਟਸ ਨੇ 28 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਕੁਝ ਖ਼ਾਸ ਨਹੀਂ ਕਰ ਸਕੀ।

128 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਵੱਲੋਂ ਸ਼ਵਾਲ ਜ਼ੁਲਫਿਕਰ ਦੀਆਂ 41, ਕਪਤਾਨ ਨੀਦਾ ਦਾਰ ਦੀਆਂ 23 ਅਤੇ ਆਲੀਆ ਰਿਆਜ਼ ਦੀਆਂ 25 ਦੌੜਾਂ ਦੀਆਂ ਪਾਰੀਆਂ ਦੀ ਬਦੌਲਤ ਪਾਕਿਸਤਾਨ ਨੇ 18.2 ਓਵਰਾਂ ‘ਚ 3 ਵਿਕਟਾਂ ਗੁਆ ਕੇ 132 ਦੌੜਾਂ ਬਣਾ ਲਈਆਂ ਤੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੀ ਟੀ-20 ਜਿੱਤ ਦਰਜ ਕੀਤੀ। ਫਾਤਿਮਾ ਸਨਾ ਨੂੰ ਸ਼ਾਨਦਾਰ ਗੇਂਦਬਾਜ਼ੀ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ। 

Add a Comment

Your email address will not be published. Required fields are marked *