ਨਜਮਲ ਹੁਸੈਨ ਸ਼ਾਂਟੋ ਦੇ ਸੈਂਕੜੇ ਨਾਲ ਨਿਊਜ਼ੀਲੈਂਡ ਖਿਲਾਫ ਬੰਗਲਾਦੇਸ਼ ਨੂੰ 205 ਦੌੜਾਂ ਦੀ ਬੜ੍ਹਤ

ਸਿਲਹਟ – ਨਜਮਲ ਹੁਸੈਨ ਸ਼ਾਂਟੋ ਕਪਤਾਨ ਦੇ ਰੂਪ ’ਚ ਆਪਣੇ ਪਹਿਲੇ ਮੈਚ ’ਚ ਹੀ ਸੈਂਕੜਾ ਮਾਰਨ ਵਾਲਾ ਬੰਗਲਾਦੇਸ਼ ਦਾ ਪਹਿਲਾ ਕ੍ਰਿਕਟਰ ਬਣਿਆ, ਜਿਸ ਨਾਲ ਉਸ ਦੀ ਟੀਮ ਨੇ ਵੀਰਵਾਰ ਨੂੰ ਇੱਥੇ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਕ੍ਰਿਕਟ ਮੈਚ ’ਚ ਆਪਣੀ ਪਕੜ ਮਜ਼ਬੂਤ ਕਰ ਲਈ। ਸ਼ਾਂਟੋ ਦੀਆਂ ਅਜੇਤੂ 104 ਦੌੜਾਂ ਦੀ ਮਦਦ ਨਾਲ ਬੰਗਲਾਦੇਸ਼ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 3 ਵਿਕਟਾਂ ’ਤੇ 212 ਦੌੜਾਂ ਬਣਾਈਆਂ ਸਨ ਅਤੇ ਉਸ 205 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਸੀ। 

ਸ਼ਾਂਟੋ ਦੇ ਨਾਲ ਚੌਥੀ ਵਿਕਟ ਲਈ 96 ਦੌੜਾਂ ਜੋੜਣ ਵਾਲਾ ਮੁਸ਼ਫਿਕੁਰ ਰਹੀਮ 43 ਦੌੜਾਂ ਬਣਾ ਕੇ ਖੇਡ ਰਿਹਾ ਸੀ। ਬੰਗਲਾਦੇਸ਼ ਨੇ ਆਪਣੇ ਦੋਵੇਂ ਸਲਾਮੀ ਬੱਲੇਬਾਜ਼ 26 ਦੌੜਾਂ ਤੱਕ ਗੁਆ ਦਿੱਤੇ ਸਨ। ਇਸ ਤੋਂ ਬਾਅਦ ਸ਼ਾਂਟੋ ਨੇ ਕਪਤਾਨੀ ਪਾਰੀ ਖੇਡ ਕੇ ਟੀਮ ਨੂੰ ਵਾਪਸੀ ਦਿਵਾਈ। ਖੱਬੇ ਹੱਥ ਦੇ ਸਪਿਨਰ ਅਯਾਜ ਪਟੇਲ ਨੇ ਜ਼ਾਕਿਰ ਹਸਨ ਨੂੰ ਆਊਟ ਕੀਤਾ, ਜਦੋਂਕਿ ਪਹਿਲੀ ਪਾਰੀ ’ਚ 86 ਦੌੜਾਂ ਬਣਾਉਣ ਵਾਲਾ ਮਹਮੂਦੁਲ ਹਸਨ ਰਨ ਆਊਟ ਹੋਇਆ। 

ਇਸ ਤੋਂ ਬਾਅਦ ਸ਼ਾਂਟੋ ਅਤੇ ਮੋਮਿਨੁਲ ਹਕ ਨੇ ਤੀਜੀ ਵਿਕਟ ਲਈ 90 ਦੌੜਾਂ ਦੀ ਸਾਂਝੇਦਾਰੀ ਕੀਤੀ। ਮੋਮਿਨੁਲ ਰਨ ਆਊਟ ਹੋ ਕੇ ਪੈਵੇਲੀਅਨ ਪਰਤਿਆ। ਉਸ ਨੇ 40 ਦੌੜਾਂ ਬਣਾਈਆਂ। ਸ਼ਾਂਟੋ ਨੇ ਸਬਰ ਨਾਲ ਪਾਰੀ ਖੇਡੀ। ਉਸ ਨੇ 192 ਗੇਂਦਾਂ ’ਤੇ ਆਪਣੇ ਟੈਸਟ ਕਰੀਅਰ ਦਾ 5ਵਾਂ ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਲਗਾਤਾਰ ਤੀਜੇ ਦਿਨ ਖਰਾਬ ਰੌਸ਼ਨੀ ਕਾਰਨ ਦਿਨ ਦੀ ਖੇਡ ਖਤਮ ਐਲਾਨ ਕਰਨੀ ਪਈ। ਇਸ ਤੋਂ ਪਹਿਲਾਂ ਤੀਜੇ ਦਿਨ 8 ਵਿਕਟਾਂ ’ਤੇ 268 ਦੌੜਾਂ ਤੋਂ ਅੱਗੇ ਖੇਡਦੇ ਹੋਏ ਨਿਊਜ਼ੀਲੈਂਡ ਦੇ ਕਪਤਾਨ ਟਿਮ ਸਾਊਥੀ ਅਤੇ ਕਾਇਲ ਜੈਮੀਸਨ ਨੇ ਟੀਮ ਦਾ ਸਕੋਰ 317 ਦੌੜਾਂ ਤੱਕ ਪਹੁੰਚਾਇਆ। ਸਾਊਦੀ ਨੇ 62 ਗੇਂਦਾਂ ’ਚ 35 ਅਤੇ ਜੈਮੀਸਨ ਨੇ 70 ਗੇਂਦਾਂ ’ਚ 23 ਦੌੜਾਂ ਬਣਾਈਆਂ।

Add a Comment

Your email address will not be published. Required fields are marked *