ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਹੈਨਰੀ ਕਿਸਿੰਜਰ ਦਾ ਹੋਇਆ ਦਿਹਾਂਤ

ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਹੈਨਰੀ ਕਿਸਿੰਜਰ ਦਾ 100 ਸਾਲ ਦੀ ਉਮਰ ‘ਚ ਦਿਹਾਂਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੁੱਧਵਾਰ ਨੂੰ ਕਨੈਕਟਿਕਟ ਸਥਿਤ ਉਨ੍ਹਾਂ ਦੇ ਘਰ ‘ਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਨੋਬਲ ਪੁਰਸਕਾਰ ਵਿਜੇਤਾ ਹੈਨਰੀ ਨੂੰ ਆਪਣੇ ਸਮੇਂ ਦਾ ਵੱਡਾ ਰਾਜਨੀਤਿਕ ਆਗੂ ਮੰਨਿਆ ਗਿਆ ਹੈ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਅਮਰੀਕਾ ਦੀਆਂ ਵਿਦੇਸ਼ ਨੀਤੀਆਂ ‘ਚ ਬਹੁਤ ਵੱਡਾ ਯੋਗਦਾਨ ਦਿੱਤਾ ਸੀ। 

1970 ਦੇ ਦਹਾਕੇ ‘ਚ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਕਾਰਜਕਾਲ ਦੌਰਾਨ ਹੈਨਰੀ ਨੇ ਵਿਦੇਸ਼ ਮੰਤਰੀ ਦੇ ਅਹੁਦੇ ‘ਤੇ ਰਹਿੰਦਿਆਂ ਦੇਸ਼ ਦੀਆਂ ਵਿਦੇਸ਼ ਨੀਤੀਆਂ ‘ਚ ਬਹੁਤ ਵੱਡਾ ਯੋਗਦਾਨ ਦਿੱਤਾ ਸੀ। ਹੈਨਰੀ ਦੀਆਂ ਕੋਸ਼ਿਸ਼ਾਂ ਸਦਕਾ ਹੀ ਅਮਰੀਕਾ ਤੇ ਚੀਨ ਵਿਚਾਲੇ ਕੂਟਨੀਤਿਕ ਸਬੰਧਾਂ ਦੀ ਸ਼ੁਰੂਆਤ ਹੋਈ ਸੀ। ਉਨ੍ਹਾਂ ਦੀ ਅਗਵਾਈ ‘ਚ ਹੀ ਅਮਰੀਕਾ ਤੇ ਸੋਵੀਅਤ ਵਿਚਾਲੇ ਹਥਿਆਰਾਂ ਦੇ ਕਾਬੂ ਬਾਰੇ ਗੱਲਬਾਤ ਹੋਈ ਸੀ, ਇਜ਼ਰਾਇਲ ਤੇ ਉਸ ਦੇ ਗੁਆਂਢੀ ਦੇਸ਼ਾਂ ਵਿਚਾਲੇ ਸਬੰਧਾਂ ‘ਚ ਸੁਧਾਰ ਹੋਇਆ ਤੇ ਉੱਤਰੀ ਵੀਅਤਨਾਮ ਨਾਲ ਪੈਰਿਸ ਸ਼ਾਂਤੀ ਸਮਝੌਤੇ ਹੋਏ। 1974 ‘ਚ ਨਿਕਸਨ ਦੇ ਅਸਤੀਫੇ ਤੋਂ ਬਾਅਦ ਵੀ ਉਨ੍ਹਾਂ ਨੇ ਅਮਰੀਕਾ ਦੀਆਂ ਵਿਦੇਸ਼ ਨੀਤੀਆਂ ਬਾਰੇ ਸਲਾਹ ਦੇਣਾ ਜਾਰੀ ਰੱਖਿਆ ਤੇ ਦੁਨੀਆਭਰ ਦੇ ਲੋਕਾਂ ਤੋਂ ਪ੍ਰਸ਼ੰਸਾ ਕਰਵਾਈ। 

ਉਮਰ ਦੇ ਇਸ ਪੜਾਅ ‘ਚ ਵੀ ਉਹ ਲਗਾਤਾਰ ਵ੍ਹਾਈਟ ਹਾਊਸ ਦੀਆਂ ਬੈਠਕਾਂ ‘ਚ ਹਿੱਸਾ ਲੈਂਦੇ ਰਹੇ ਸਨ। ਇਸ ਸਾਲ ਜੁਲਾਈ ਮਹੀਨੇ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲਣ ਬੀਜਿੰਗ ਵੀ ਗਏ ਸਨ। ਜਦ ਦੁਨੀਆ ਭਰ ‘ਚੋਂ ਲੋਕ ਹੈਨਰੀ ਦੀਆਂ ਸੇਵਾਵਾਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੇ ਸਨ ਤਾਂ ਕੁਝ ਲੋਕ ਉਨ੍ਹਾਂ ਨੂੰ ਦੱਖਣੀ ਅਮਰੀਕਾ ‘ਚ ਕਮਿਊਨਿਸਟ ਵਿਰੋਧੀ ਤਾਨਾਸ਼ਾਹੀ ਦਾ ਸਮਰਥਨ ਕਰਨ ਲਈ ਜੰਗ ਦਾ ਦੋਸ਼ੀ ਮੰਨਦੇ ਹਨ।ਸਾਲ 1973 ‘ਚ ਉਨ੍ਹਾਂ ਉੱਤਰੀ ਵੀਅਤਨਾਮ ਦੇ ਲੇ ਡਕ ਥੋ ਨਾਲ ਸਾਂਝੇ ਤੌਰ ‘ਤੇ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ, ਪਰ ਲੇ ਡਕ ਨੇ ਇਸ ਸਨਮਾਨ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਇਸ ਪੁਰਸਕਾਰ ਨੂੰ ਹੁਣ ਤੱਕ ਦਾ ਸਭ ਤੋਂ ਵਿਵਾਦਿਤ ਨੋਬੇਲ ਸ਼ਾਂਤੀ ਪੁਰਸਕਾਰ ਮੰਨਿਆ ਜਾਂਦਾ ਹੈ। 

Add a Comment

Your email address will not be published. Required fields are marked *