‘ਐਨੀਮਲ’ ਫ਼ਿਲਮ ਈਵੈਂਟ ’ਤੇ ਤੇਲੰਗਾਨਾ ਦੇ ਮੰਤਰੀ ਦੇ ਬਿਆਨ ’ਤੇ ਵਿਵਾਦ

ਮੁੰਬਈ – ਬਾਲੀਵੁੱਡ ਫ਼ਿਲਮ ‘ਐਨੀਮਲ’ ਦੇ ਇਕ ਇਵੈਂਟ ’ਚ ਸ਼ਾਮਲ ਹੋਏ ਤੇਲੰਗਾਨਾ ਦੇ ਮੰਤਰੀ ਮੱਲਾ ਰੈੱਡੀ ਦੇ ਬਿਆਨ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੇਲੁਗੂ ਲੋਕ ਪੂਰੇ ਭਾਰਤ ’ਤੇ ਰਾਜ ਕਰਨਗੇ। ਖ਼ਾਸ ਗੱਲ ਇਹ ਹੈ ਕਿ ਰੈੱਡੀ ਦਾ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਤੇਲੰਗਾਨਾ ’ਚ ਵਿਧਾਨ ਸਭਾ ਚੋਣਾਂ ’ਚ ਸਿਰਫ਼ ਇਕ ਜਾਂ ਦੋ ਦਿਨ ਬਚੇ ਹਨ। ਜਿਵੇਂ ਹੀ ਮੰਤਰੀ ਦੇ ਬਿਆਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਆਈ ਤਾਂ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ।

ਮੰਤਰੀ ਨੇ ਸਟੇਜ ’ਤੇ ਕਿਹਾ, ‘‘ਰਣਬੀਰ ਜੀ, ਮੈਂ ਤੁਹਾਨੂੰ ਇਕ ਗੱਲ ਦੱਸਣਾ ਚਾਹੁੰਦਾ ਹਾਂ। ਅਗਲੇ ਪੰਜ ਸਾਲਾਂ ’ਚ ਸਾਡੇ ਤੇਲਗੂ ਲੋਕ ਭਾਰਤ, ਬਾਲੀਵੁੱਡ ਤੇ ਹਾਲੀਵੁੱਡ ’ਤੇ ਰਾਜ ਕਰਨਗੇ। ਤੁਹਾਨੂੰ ਵੀ ਇਕ ਸਾਲ ਬਾਅਦ ਹੈਦਰਾਬਾਦ ਸ਼ਿਫਟ ਹੋਣਾ ਪਵੇਗਾ। ਬੰਬਈ ਪੁਰਾਣੀ ਹੋ ਗਈ ਹੈ। ਬੈਂਗਲੁਰੂ ’ਚ ਟ੍ਰੈਫਿਕ ਜਾਮ ਹੋ ਗਿਆ। ਭਾਰਤ ’ਚ ਇਕ ਹੀ ਸ਼ਹਿਰ ਹੈ, ਉਹ ਹੈ ਹੈਦਰਾਬਾਦ।’’ ਇਸ ਦੌਰਾਨ ਉਨ੍ਹਾਂ ਫ਼ਿਲਮ ਦੇ ਕਲਾਕਾਰਾਂ ਦੀ ਤਾਰੀਫ਼ ਕੀਤੀ।

ਇਕ ਪਾਸੇ ਸੋਸ਼ਲ ਮੀਡੀਆ ’ਤੇ ਰਣਬੀਰ ਦੇ ‘ਸ਼ਾਂਤ ਸੁਭਾਅ’ ਦੀ ਤਾਰੀਫ਼ ਹੋ ਰਹੀ ਹੈ। ਇਸ ਦੇ ਨਾਲ ਹੀ ਕੁਝ ਲੋਕ ਮੰਤਰੀ ਦੇ ਬਿਆਨ ਤੋਂ ਨਾਖੁਸ਼ ਨਜ਼ਰ ਆ ਰਹੇ ਹਨ। ‘ਐਨੀਮਲ’ 1 ਦਸੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਰਣਬੀਰ ਤੋਂ ਇਲਾਵਾ ਫ਼ਿਲਮ ’ਚ ਰਸ਼ਮਿਕਾ ਮੰਦਾਨਾ, ਬੌਬੀ ਦਿਓਲ, ਅਨਿਲ ਕਪੂਰ ਸਮੇਤ ਕਈ ਕਲਾਕਾਰ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਰਣਬੀਰ ਕਪੂਰ ਨੇ ਫ਼ਿਲਮ ਦਾ ਨਾਂ ‘ਐਨੀਮਲ’ ਰੱਖਣ ਦਾ ਕਾਰਨ ਵੀ ਦੱਸਿਆ ਹੈ। ਉਸ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਤੁਸੀਂ ਫ਼ਿਲਮ ‘ਐਨੀਮਲ’ ਨੂੰ ਇਸ ਕਿਰਦਾਰ ਦੇ ਨਜ਼ਰੀਏ ਤੋਂ ਦੇਖ ਰਹੇ ਹੋ, ਜੋ ਮੈਂ ਨਿਭਾਅ ਰਿਹਾ ਹਾਂ ਤੇ ਹੋਰ ਅਜਿਹੇ ਕਿਰਦਾਰ ਜਿਨ੍ਹਾਂ ਬਾਰੇ ਮੈਂ ਗੱਲ ਨਹੀਂ ਕਰ ਸਕਦਾ। ਇਕ ਵਾਰ ਫ਼ਿਲਮ ਦੇਖੋ ਤਾਂ ਸਮਝ ਆ ਜਾਵੇਗੀ। ਮੈਨੂੰ ਲੱਗਦਾ ਹੈ ਕਿ ਸੰਦੀਪ ਰੈੱਡੀ ਵਾਂਗਾ ਨੇ ਇਸ ਫ਼ਿਲਮ ਨੂੰ ‘ਐਨੀਮਲ’ ਕਿਉਂ ਕਿਹਾ ਹੈ ਕਿਉਂਕਿ ਜਾਨਵਰ ਆਪਣੀ ਪ੍ਰਵਿਰਤੀ ਤੋਂ ਬਾਹਰ ਦਾ ਵਿਵਹਾਰ ਕਰਦਾ ਹੈ। ਉਹ ਸੋਚ ਸਮਝ ਕੇ ਵਿਵਹਾਰ ਨਹੀਂ ਕਰਦਾ।’’

ਉਸ ਨੇ ਕਿਹਾ, ‘‘ਇਸ ਲਈ ਇਹ ਕਿਰਦਾਰ ਜੋ ਮੈਂ ਨਿਭਾਅ ਰਿਹਾ ਹਾਂ, ਉਹ ਆਪਣੇ ਪਰਿਵਾਰ ਦੀ ਰੱਖਿਆ ਲਈ ਸੁਭਾਵਕ ਵਿਵਹਾਰ ਕਰਦਾ ਹੈ। ਉਹ ਇਹ ਨਹੀਂ ਸੋਚ ਰਿਹਾ ਹੈ ਕਿ ਉਹ ਸੁਭਾਅ ਤੋਂ ਕੰਮ ਕਰ ਰਿਹਾ ਹੈ, ਉਹ ਭਾਵੁਕ ਹੈ ਤੇ ਮੈਨੂੰ ਲੱਗਦਾ ਹੈ ਕਿ ਇਥੋਂ ਹੀ ‘ਐਨੀਮਲ’ ਦਾ ਨਾਮ ਆਇਆ ਹੈ। ਇਕ ਵਾਰ ਜਦੋਂ ਤੁਸੀਂ ਫ਼ਿਲਮ ਦੇਖੋਗੇ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਇਹ ਫ਼ਿਲਮ ਨਾਮ ਦੇ ਅਨੁਕੂਲ ਹੈ।’’

Add a Comment

Your email address will not be published. Required fields are marked *