ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀ ‘ਤੇ ਜਾਨਲੇਵਾ ਹਮਲਾ

ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀ ‘ਤੇ ਹਮਲਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਮਲੇ ਤੋਂ ਬਾਅਦ ਉਹ ਕੋਮਾ ‘ਚ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ ‘ਚ ਇਕ ਸ਼ੱਕੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਅਤੇ ਉਸ ‘ਤੇ ਅਪਰਾਧਿਕ ਹਮਲੇ ਦਾ ਦੋਸ਼ ਲਗਾਇਆ ਗਿਆ ਹੈ। ਪੀੜਤ ਵਿਦਿਆਰਥੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਪਰ ਉਸ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਹ ਵਿਦਿਆਰਥੀ ਤਸਮਾਨੀਆ ਯੂਨੀਵਰਸਿਟੀ ਵਿੱਚ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਿਹਾ ਹੈ। ਸਿਡਨੀ ਸਥਿਤ ਸਪੈਸ਼ਲ ਬ੍ਰਾਡਕਾਸਟਿੰਗ ਸਰਵਿਸ ਨੇ ਦੱਸਿਆ ਕਿ ਇਹ ਘਟਨਾ 5 ਨਵੰਬਰ ਦੀ ਹੈ, ਜੋ ਤਸਮਾਨੀਆ ਦੇ ਕੈਂਪਸ ‘ਚ ਵਾਪਰੀ ਸੀ। ਹਮਲੇ ਕਾਰਨ ਪੀੜਤ ਨੂੰ ‘ਐਕਸਟ੍ਰਾਡੁਰਲ ਬਲੀਡਿੰਗ’ ਹੋਈ, ਜਿਸ ਨਾਲ ਦਿਮਾਗ ਨੂੰ ਭਾਰੀ ਨੁਕਸਾਨ ਪਹੁੰਚਿਆ। ਰਿਪੋਰਟ ਮੁਤਾਬਕ ਹਮਲੇ ‘ਚ ਵਿਦਿਆਰਥੀ ਦਾ ਸੱਜਾ ਫੇਫੜਾ ਡੂੰਘੀ ਸੱਟ ਲੱਗਣ ਕਾਰਨ ਖਰਾਬ ਹੋ ਗਿਆ। ਉਨ੍ਹਾਂ ਦੇ ਦਿਮਾਗ ਦੀ ਸਰਜਰੀ ਕਰਨੀ ਪਈ, ਜੋ ਕਈ ਘੰਟੇ ਚੱਲੀ। 

ਇਸ ਮਾਮਲੇ ਵਿੱਚ ਬੈਂਜਾਮਿਨ ਡੌਜ ਕੋਲਿੰਗਜ਼ ਨਾਮਕ ਵਿਅਕਤੀ ਨੂੰ ਪਸ ਨੇ ਹਿਰਾਸਤ ਵਿੱਚ ਲਿਆ ਹੈ। ਇਹ 25 ਸਾਲਾ ਵਿਅਕਤੀ ਲੀਨਾ ਵੈਲੀ ਦਾ ਰਹਿਣ ਵਾਲਾ ਹੈ। ਉਸ ‘ਤੇ ਕ੍ਰਿਮੀਨਲ ਕੋਡ ਅਸਾਲਟ ਦਾ ਦੋਸ਼ ਹੈ। ਦੋਸ਼ੀ ਸਾਬਤ ਹੋਣ ‘ਤੇ ਵੱਧ ਤੋਂ ਵੱਧ 21 ਸਾਲ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ ਕੋਲਿੰਗਜ਼ ਨੂੰ ਮੈਜਿਸਟ੍ਰੇਟ ਨੇ ਜ਼ਮਾਨਤ ਦੇ ਦਿੱਤੀ ਹੈ। ਹੁਣ ਉਸ ਨੇ ਦੋਸ਼ਾਂ ਦਾ ਜਵਾਬ ਦੇਣ ਲਈ 4 ਦਸੰਬਰ ਨੂੰ ਅਦਾਲਤ ਵਿੱਚ ਆਉਣਾ ਹੈ। ਉਸ ‘ਤੇ ਹਮਲਾ ਕਰਨ, ਗ਼ਲਤ ਪਤਾ ਅਤੇ ਨਾਮ ਦੇਣ, ਪੁਲਸ ਅਧਿਕਾਰੀ ਦਾ ਵਿਰੋਧ ਕਰਨ ਅਤੇ ਗੱਡੀ ਚਲਾਉਣ ਦਾ ਦੋਸ਼ ਹੈ।

ਤਸਮਾਨੀਆ ਯੂਨੀਵਰਸਿਟੀ ਦੇ ਮੀਡੀਆ ਨਿਰਦੇਸ਼ਕ ਬੇਨ ਵਾਈਲਡ ਨੇ ਕਿਹਾ ਕਿ ਸੰਸਥਾ ਇਸ ਘਟਨਾ ਤੋਂ ਜਾਣੂ ਸੀ। ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਕਿ ਯੂਨੀਵਰਸਿਟੀ ਨੇ ਇਸ ਮੁਸ਼ਕਲ ਸਮੇਂ ਵਿੱਚ ਵਿਦਿਆਰਥੀਆਂ ਦੀ ਮਦਦ ਲਈ ਕੀ ਕਦਮ ਚੁੱਕੇ ਹਨ? ਜਵਾਬ ਵਿੱਚ ਬੇਨ ਵਾਈਲਡ ਨੇ ਕਿਹਾ ਕਿ ਉਹ ਪੀੜਤ ਪਰਿਵਾਰ ਦੇ ਲਗਾਤਾਰ ਸੰਪਰਕ ਵਿੱਚ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਕੇਸ ਮੈਨੇਜਰ ਨਿਯੁਕਤ ਕੀਤਾ ਗਿਆ ਹੈ ਅਤੇ ਪਰਿਵਾਰ ਦੀ ਸਹੂਲਤ ਲਈ ਅਨੁਵਾਦਕ ਦਾ ਪ੍ਰਬੰਧ ਕੀਤਾ ਗਿਆ ਹੈ। ਮੀਡੀਆ ਨਿਰਦੇਸ਼ਕ ਨੇ ਕਿਹਾ, ‘ਇਹ ਮਾਮਲਾ ਫਿਲਹਾਲ ਅਦਾਲਤੀ ਪ੍ਰਣਾਲੀ ‘ਚ ਚੱਲ ਰਿਹਾ ਹੈ। ਇਸ ਲਈ ਅਸੀਂ ਇਸ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ।

Add a Comment

Your email address will not be published. Required fields are marked *