ਰਣਦੀਪ ਹੁੱਡਾ ਨੇ ਕੀਤਾ ਵਿਆਹ ਦਾ ਐਲਾਨ

ਮੁੰਬਈ – ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਨੇ ਆਪਣੇ ਵਿਆਹ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ। ਉਹ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ 29 ਨਵੰਬਰ ਨੂੰ ਮਣੀਪੁਰ ’ਚ ਵਿਆਹ ਕਰਵਾਉਣ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਰਣਦੀਪ ਨੇ ਇਕ ਪੋਸਟ ਸ਼ੇਅਰ ਕੀਤੀ ਹੈ। ਅਦਾਕਾਰ ਨੇ ਲਿਖਿਆ, ‘‘ਮਹਾਭਾਰਤ ’ਚ ਅਰਜੁਨ ਨੇ ਮਨੀਪੁਰੀ ਯੋਧਾ ਰਾਜਕੁਮਾਰੀ ਚਿਤਰਾਂਗਦਾ ਨਾਲ ਵਿਆਹ ਕਰਵਾਇਆ ਸੀ। ਅਸੀਂ ਵੀ ਪਰਿਵਾਰ ਤੇ ਦੋਸਤਾਂ ਦੇ ਆਸ਼ੀਰਵਾਦ ਨਾਲ ਵਿਆਹ ਕਰਵਾਉਣ ਜਾ ਰਹੇ ਹਾਂ। ਸਾਨੂੰ ਤੁਹਾਡੇ ਨਾਲ ਇਹ ਸਾਂਝਾ ਕਰਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਸਾਡਾ ਵਿਆਹ 29 ਨਵੰਬਰ, 2023 ਨੂੰ ਇੰਫਾਲ, ਮਣੀਪੁਰ ’ਚ ਹੋਣ ਜਾ ਰਿਹਾ ਹੈ, ਜਿਸ ਤੋਂ ਬਾਅਦ ਅਸੀਂ ਮੁੰਬਈ ’ਚ ਇਕ ਰਿਸੈਪਸ਼ਨ ਵੀ ਰੱਖਾਂਗੇ। ਸਾਨੂੰ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ।’’ ਈ-ਟਾਈਮਜ਼ ਦੀ ਰਿਪੋਰਟ ਮੁਤਾਬਕ ਰਣਦੀਪ ਹੁੱਡਾ ਤੇ ਲਿਨ ਲੈਸ਼ਰਾਮ ਦੇ ਵਿਆਹ ਦੀਆਂ ਰਸਮਾਂ 29 ਨਵੰਬਰ ਦੀ ਦੁਪਹਿਰ ਤੋਂ ਸ਼ੁਰੂ ਹੋ ਕੇ ਰਾਤ ਤੱਕ ਚੱਲਣਗੀਆਂ। ਇਹ ਜੋੜਾ ਮਣੀਪੁਰ ਦੀ ਪ੍ਰੰਪਰਾ ਅਨੁਸਾਰ ਮਣੀਪੁਰੀ ਪਹਿਰਾਵਾ ਪਹਿਨ ਕੇ ਵਿਆਹ ਕਰਵਾਏਗਾ। ਵਿਆਹ ਦੀ ਸ਼ਾਮ ਜਿਥੇ ਮਣੀਪੁਰ ਦੇ ਲੋਕ ਗੀਤਾਂ ਨਾਲ ਸਜਾਈ ਜਾਵੇਗੀ, ਉਥੇ ਖਾਣਾ ਵੀ ਉਸੇ ਪ੍ਰੰਪਰਾ ਦਾ ਹੋਵੇਗਾ। ਵਿਆਹ ਦੀਆਂ ਸਾਰੀਆਂ ਰਸਮਾਂ ਮਣੀਪੁਰ ’ਚ ਹੋਣਗੀਆਂ। ਬਾਅਦ ’ਚ ਜੋੜਾ ਮੁੰਬਈ ’ਚ ਇਕ ਰਿਸੈਪਸ਼ਨ ਦੀ ਮੇਜ਼ਬਾਨੀ ਕਰੇਗਾ।

ਕੁਝ ਕਰੀਬੀ ਰਿਸ਼ਤੇਦਾਰਾਂ ਤੇ ਦੋਸਤਾਂ ਦੀ ਮੌਜੂਦਗੀ ’ਚ ਮਣੀਪੁਰ ’ਚ ਵਿਆਹ ਤੋਂ ਬਾਅਦ ਰਣਦੀਪ ਹੁੱਡਾ ਮੁੰਬਈ ’ਚ ਇਕ ਸ਼ਾਨਦਾਰ ਰਿਸੈਪਸ਼ਨ ਦੀ ਮੇਜ਼ਬਾਨੀ ਕਰਨਗੇ। ਇਸ ਰਿਸੈਪਸ਼ਨ ’ਚ ਫ਼ਿਲਮ ਇੰਡਸਟਰੀ ਦੇ ਕਈ ਮੰਨੇ-ਪ੍ਰਮੰਨੇ ਚਿਹਰੇ ਸ਼ਿਰਕਤ ਕਰਨ ਜਾ ਰਹੇ ਹਨ। ਰਣਦੀਪ ਹੁੱਡਾ ਦੀ ਪ੍ਰੇਮਿਕਾ ਲਿਨ ਲੈਸ਼ਰਾਮ ਇਕ ਅਦਾਕਾਰਾ ਤੇ ਮਾਡਲ ਹੈ। ਉਸ ਨੇ 2007 ’ਚ ਰਿਲੀਜ਼ ਹੋਈ ਫ਼ਿਲਮ ‘ਓਮ ਸ਼ਾਂਤੀ ਓਮ’ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਲਿਨ ‘ਮੈਰੀਕਾਮ’ ਤੇ ‘ਰੰਗੂਨ’ ਵਰਗੀਆਂ ਫ਼ਿਲਮਾਂ ਦਾ ਹਿੱਸਾ ਵੀ ਰਹਿ ਚੁੱਕੀ ਹੈ। ਲਿਨ ਨੂੰ ਹਾਲ ਹੀ ’ਚ ਰਿਲੀਜ਼ ਹੋਈ ਨੈੱਟਫਲਿਕਸ ਫ਼ਿਲਮ ‘ਜਾਨੇ ਜਾਨ’ ’ਚ ਵੀ ਕਰੀਨਾ ਕਪੂਰ ਨਾਲ ਦੇਖਿਆ ਗਿਆ ਹੈ। ਲਿਨ ਰਣਦੀਪ ਤੋਂ 10 ਸਾਲ ਛੋਟੀ ਹੈ। ਰਣਦੀਪ ਦੀ ਉਮਰ 47 ਸਾਲ ਹੈ, ਜਦਕਿ ਲਿਨ 37 ਸਾਲ ਦੀ ਹੈ। ਦੋਵੇਂ ਕਰੀਬ 3 ਸਾਲਾਂ ਤੋਂ ਰਿਲੇਸ਼ਨਸ਼ਿਪ ’ਚ ਹਨ। ਦੋਵਾਂ ਦੇ ਰਿਸ਼ਤੇ ਦੀ ਖ਼ਬਰ ਉਦੋਂ ਸਾਹਮਣੇ ਆਈ, ਜਦੋਂ ਦੋਵਾਂ ਨੂੰ ਇਕੱਠੇ ਦੀਵਾਲੀ ਮਨਾਉਂਦੇ ਦੇਖਿਆ ਗਿਆ। ਇਸ ਤੋਂ ਇਲਾਵਾ ਦੋਵਾਂ ਨੂੰ ਕਈ ਵਾਰ ਇਕ-ਦੂਜੇ ਨਾਲ ਛੁੱਟੀਆਂ ਮਨਾਉਂਦੇ ਦੇਖਿਆ ਗਿਆ ਹੈ।

Add a Comment

Your email address will not be published. Required fields are marked *