‘Vihaan.AI’ ਨਾਲ ਬਦਲ ਜਾਵੇਗੀ ਏਅਰ ਇੰਡੀਆ ਦੀ ਤਸਵੀਰ

ਨਵੀਂ ਦਿੱਲੀ–ਏਅਰ ਇੰਡੀਆ ਨੇ ਅਗਲੇ 5 ਸਾਲਾਂ ’ਚ ਘਰੇਲੂ ਬਾਜ਼ਾਰ ’ਚ ਆਪਣੀ ਹਿੱਸੇਦਾਰੀ ਨੂੰ 30 ਫੀਸਦੀ ਤੋਂ ਜ਼ਿਆਦਾ ਵਧਾਉਣ ਦਾ ਐਲਾਨ ਕੀਤਾ ਹੈ। ਉੱਥੇ ਹੀ ਮੌਜੂਦਾ ਸਮੇਂ ’ਚ ਕੰਪਨੀ ਨੇ ਇੰਟਰਨੈਸ਼ਨਲ ਰੂਟਸ ’ਤੇ ਚੰਗਾ ਵਾਧਾ ਕੀਤਾ ਹੈ। ਏਅਰ ਇੰਡੀਆ ਅਗਲੇ 5 ਸਾਲਾਂ ’ਚ ਵੱਡੇ ਬਦਲਾਅ ਕਰੇਗੀ। ਏਅਰਲਾਈਨ ਨੇ ਇਕ ਯੋਜਨਾ ਤਿਆਰ ਕੀਤੀ ਹੈ, ਜਿਸ ਨੂੰ ‘ਵਿਹਾਨ. ਏ. ਆਈ.’ ਨਾਂ ਦਿੱਤਾ ਗਿਆ ਹੈ। ਇਸ ’ਚ ਕੁੱਝ ਅਹਿਮ ਟੀਚੇ ਤੈਅ ਕੀਤੇ ਗਏ ਹਨ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ’ਚ ਕੰਪਨੀ ਨੂੰ ਹਾਸਲ ਕਰਨਾ ਹੈ। ਟਾਟਾ ਗਰੁੱਪ ਦੀ ਮਲਕੀਅਤ ਵਾਲੀ ਇਸ ਏਅਰਲਾਈਨ ਨੇ ਕਰਮਚਾਰੀਆਂ ਤੋਂ ਪ੍ਰਤੀਕਿਰਿਆ ਲੈ ਕੇ ਬਦਲਾਅ ਦੀ ਇਹ ਯੋਜਨਾ ਬਣਾਈ ਹੈ।
ਏਅਰ ਇੰਡੀਆ ਛੇਤੀ ਹੀ ਲਗਭਗ 200 ਛੋਟੇ ਏ320 ਨੀਓ ਜੈੱਟ ਅਤੇ ਵੱਡੇ ਏਅਰਕਰਾਫਟ ਦਾ ਆਰਡਰ ਦੇਣ ਦੀ ਤਿਆਰੀ ਕਰ ਰਹੀ ਹੈ, ਜਿਨ੍ਹਾਂ ਦੀ ਸਪਲਾਈ ਵਿੱਤੀ ਸਾਲ ਦੀ ਸ਼ੁਰੂਆਤ ਤੱਕ ਹੋਣ ਦੀ ਸੰਭਾਵਨਾ ਹੈ। ਏਅਰ ਇੰਡੀਆ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਹ ਇਸ ਦਸੰਬਰ ਤੱਕ ਆਪਣੇ ਬੇੜੇ ’ਚ 30 ਨਵੇਂ ਜਹਾਜ਼ ਜੋੜੇਗੀ। ਇਨ੍ਹਾਂ ’ਚ 5 ਵੱਡੇ ਬੋਇੰਗ ਜਹਾਜ਼ ਸ਼ਾਮਲ ਹਨ ਤਾਂ ਕਿ ਘਰੇਲੂ ਅਤੇ ਇੰਟਰਨੈਸ਼ਨਲ ਰੂਟਸ ’ਤੇ ਆਵਾਜਾਈ ਨੂੰ ਵਧਾਇਆ ਜਾ ਸਕੇ।
ਇਨ੍ਹਾਂ ਮੁੱਦਿਆਂ ’ਤੇ ਹੋਵੇਗਾ ਕੰਪਨੀ ਦਾ ਫੋਕਸ
ਟਾਟਾ ਸਮੂਹ ਏਅਰ ਇੰਡੀਆ ’ਚ ਨਵੇਂ ਨਿਵੇਸ਼ ਲਈ 4 ਅਰਬ ਡਾਲਰ ਜੁਟਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ। ਉੱਥੇ ਹੀ ਇਸ ਕੰਪਨੀ ਦੀ ਇਸ 5 ਸਾਲਾਂ ਯੋਜਨਾ ’ਚ ਗਾਹਕ ਸੇਵਾ, ਤਕਨਾਲੋਜੀ, ਪ੍ਰੋਡਕਟ, ਭਰੋਸੇਯੋਗਤਾ ਅਤੇ ਪ੍ਰਾਹੁਣਚਾਰੀ ਸਤਿਕਾਰ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਏਅਰ ਇੰਡੀਆ ਨੇ ਦੱਸਿਆ ਕਿ ਏਵੀਏਸ਼ਨ ਰੈਗੂਲੇਟਰ ਸੰਸਥਾ ਡੀ. ਜੀ. ਸੀ. ਏ. ਦੇ ਅੰਕੜਿਆਂ ਮੁਤਾਬਕ ਜੁਲਾਈ ’ਚ ਏਅਰ ਇੰਡੀਆ ਦੀ ਘਰੇਲੂ ਬਾਜ਼ਾਰ ਹਿੱਸੇਦਾਰੀ 8.4 ਫੀਸਦੀ ਸੀ।
ਏਅਰ ਇੰਡੀਆ ਦੇ ਐੱਮ. ਡੀ. ਅਤੇ ਸੀ. ਈ. ਓ. ਕੈਂਪਬੇਲ ਵਿਲਸਨ ਨੇ ਕਿਹਾ ਕਿ ਇਹ ਏਅਰ ਇੰਡੀਆ ਲਈ ਇਕ ਇਤਿਹਾਸਿਕ ਬਦਲਾਅ ਅਤੇ ਨਵੇਂ ਯੁੱਗ ਦੀ ਸ਼ੁਰੂਆਤ ਹੈ। ਅਸੀਂ ਇਕ ਨਵੇਂ ਟੀਚੇ ਨਾਲ ਮੁੜ ਏਅਰ ਇੰਡੀਆ ਦੀ ਨੀਂਹ ਰੱਖ ਰਹੇ ਹਾਂ। ‘ਵਿਹਾਨ. ਏ. ਆਈ.’ ਏਅਰ ਇੰਡੀਆ ਨੂੰ ਵਿਸ਼ਵ ਪੱਧਰ ਦੀ ਏਅਰਲਾਈਨ ਬਣਾਉਣ ਲਈ ਸਾਡੀ ਪਰਿਵਰਤਨਸ਼ੀਲ ਯੋਜਨਾ ਹੈ। ਅਸੀਂ ਪੂਰੇ ਮਾਣ ਨਾਲ ਪੂਰੀ ਦੁਨੀਆ ’ਚ ਗਾਹਕਾਂ ਨੂੰ ਵਿਸ਼ਵ ਪੱਧਰ ਦੀਆਂ ਸਹੂਲਤਾਂ ਦੇਣ ਵਾਲੀ ਏਅਰਲਾਈਨ ਕੰਪਨੀ ਬਣਨਾ ਚਾਹੁੰਦੇ ਹਾਂ ਤਾਂ ਕਿ ਹਰ ਭਾਰਤੀ ਨੂੰ ਇਸ ’ਤੇ ਮਾਣ ਹੋਵੇ।

Add a Comment

Your email address will not be published. Required fields are marked *