ਇਪਸਾ ਵੱਲੋਂ ਕਰਵਾਇਆ ਗਿਆ ਮਹੀਨਾਵਾਰ ਸਮਾਗਮ

ਬ੍ਰਿਸਬੇਨ – ਆਸਟ੍ਰੇਲੀਆ ਦੀ ਸਰਗਰਮ ਸਾਹਿਤਕ ਸੰਸਥਾ ‘ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ’ ਵੱਲੋਂ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਾਸਿਕ ਅਦਬੀ ਲੜੀ ਤਹਿਤ ਨਵੰਬਰ ਮਹੀਨੇ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਰਤ ਤੋਂ ਆਏ ਚਿੱਤਰਕਾਰ ਅਮਰ ਸਿੰਘ ਆਰਟਿਸਟ ਦੀਆਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਸ਼ਾਇਰ ਸਰਬਜੀਤ ਸੋਹੀ ਬਾਰੇ ਡਾ. ਗੋਪਾਲ ਸਿੰਘ ਬੁੱਟਰ ਦੁਆਰਾ ਸੰਪਾਦਿਤ ਪੁਸਤਕ ‘ਸਰਬਜੀਤ ਸੋਹੀ ਦੀ ਕਾਵਿ ਸੰਵੇਦਨਾ’ ਲੋਕ ਅਰਪਣ ਕੀਤੀ ਗਈ।

ਸਮਾਗਮ ਦੇ ਪਹਿਲੇ ਭਾਗ ਵਿੱਚ ਸਨਮਾਨਾਂ ਦੀ ਰਸਮ ਅਦਾ ਕਰਦਿਆਂ ਹਿੰਦੀ ਟੀ.ਵੀ. ਹੋਸਟ ਅਤੇ ਕਵਿੱਤਰੀ ਵਿਭਾ ਦਾਸ ਸਿੰਘ ਨੇ ਉਰਦੂ ਮੁਸ਼ਾਇਰਾ ਆਯੋਜਕ ਅਤੇ ਅਦਬੀ ਕੌਂਸਲ ਆਫ ਆਸਟ੍ਰੇਲੀਆ ਦੇ ਸੰਸਥਾਪਕ ਜਨਾਬ ਸ਼ੋਇਬ ਜ਼ਾਇਦੀ ਦਾ ਤੁਆਰਫ਼ ਕਰਵਾਉਂਦਿਆਂ ਉਹਨਾਂ ਦੇ ਯੋਗਦਾਨ ਅਤੇ ਵਿਅਕਤਿਤਵ ਤੇ ਰੌਸ਼ਨੀ ਪਾਈ। ਸ਼ੋਇਬ ਜ਼ਾਇਦੀ ਵੱਲੋਂ ਧੰਨਵਾਦੀ ਸ਼ਬਦਾਂ ਵਿਚ ਇਪਸਾ ਦੇ ਕਾਰਜਾਂ ਅਤੇ ਆਪਸੀ ਸਾਂਝ ਨੂੰ ਬਹੁਤ ਵੱਡੇ ਅਰਥਾਂ ਵਾਲੀ ਦੱਸਿਆ ਗਿਆ। ਇਸ ਤੋਂ ਬਾਅਦ ਵਿਭਾ ਦਾਸ ਸਿੰਘ ਨੇ ਹਿੰਦੀ ਭਾਸ਼ਾ ਅਤੇ ਸਾਹਿਤ ਲਈ ਕੰਮ ਕਰਨ ਵਾਲੀ ਸ਼ਾਇਰਾ ਸੋਮਾ ਨਾਇਰ ਦੀ ਸਾਹਿਤਕ ਦੇਣ ਅਤੇ ਸਰਗਰਮੀਆਂ ਬਾਰੇ ਸੰਖੇਪ ਵਿੱਚ ਦੱਸਿਆ। ਸੋਮਾ ਨਾਇਰ ਵੱਲੋਂ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ ਗਈ ਅਤੇ ਇਪਸਾ ਦੇ ਮਿਆਰੀ ਸਮਾਗਮਾਂ ਦੀ ਲਗਾਤਾਰਤਾ ਨੂੰ ਮੁੱਲਵਾਨ ਅਤੇ ਭਾਰਤੀ ਭਾਈਚਾਰੇ ਲਈ ਇਕ ਮਿਸਾਲੀ ਕਦਮ ਕਿਹਾ।

ਸਨਮਾਨ ਸਮਾਰੋਹ ਵਿਚ ਸਨਮਾਨਿਤ ਹੋ ਰਹੀ ਤੀਜੀ ਸ਼ਖਸੀਅਤ ਬਾਰੇ ਆਰਟਿਸਟ ਅਮਰ ਸਿੰਘ ਦਾ ਤੁਆਰਫ਼ ਸਰਬਜੀਤ ਸੋਹੀ ਵੱਲੋਂ ਕਰਵਾਇਆ ਗਿਆ। ਉਹਨਾਂ ਦੀਆਂ ਕਲਾਤਮਿਕ ਖ਼ੂਬੀਆਂ ਅਤੇ ਚਿੱਤਰਕਾਰੀ ਦੇ ਸਫ਼ਰ ਬਾਰੇ ਜਾਣਕਾਰੀ ਦਿੰਦਿਆਂ ਇਪਸਾ ਵੱਲੋਂ ਉਨ੍ਹਾਂ ਦੀ ਹਾਜ਼ਰੀ ਨੂੰ ਮਾਣਯੋਗ ਦੱਸਿਆ ਗਿਆ। ਸਮਾਗਮ ਦੇ ਦੂਸਰੇ ਭਾਗ ਵਿਚ ਰੁਪਿੰਦਰ ਸੋਜ਼ ਵੱਲੋਂ ਕਵੀ ਦਰਬਾਰ ਦਾ ਆਗਾਜ਼ ਕੀਤਾ ਗਿਆ, ਜਿਸ ਵਿਚ ਇਕਬਾਲ ਸਿੰਘ ਧਾਮੀ, ਨਿਰਮਲ ਦਿਓਲ, ਸਰਬਜੀਤ ਸੋਹੀ, ਸੁਰਜੀਤ ਸੰਧੂ, ਸੁਖਮਨ ਸੰਧੂ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਪਸਾ ਦੇ ਸਰਪ੍ਰਸਤ ਜਰਨੈਲ ਬਾਸੀ, ਪਾਲ ਰਾਊਕੇ, ਆਤਮਾ ਸਿੰਘ ਹੇਅਰ, ਪੁਸ਼ਪਿੰਦਰ ਤੂਰ, ਸੁਖਮੰਦਰ ਸੰਧੂ, ਗੁਰਜੀਤ ਉੱਪਲ਼, ਜਸਪਾਲ ਸੰਘੇੜਾ, ਬਿਕਰਮਜੀਤ ਸਿੰਘ ਚੰਦੀ, ਅਰਸ਼ਦੀਪ ਦਿਓਲ ਅਤੇ ਤੇਜਪਾਲ ਕੌਰ ਜੀ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਰੁਪਿੰਦਰ ਸੋਜ਼ ਵੱਲੋਂ ਨਿਭਾਈ ਗਈ।

Add a Comment

Your email address will not be published. Required fields are marked *