ਯੂ.ਕੇ ਵਿੱਚ ਸਿੱਖ ਨੌਜਵਾਨ ਦਾ ਚਾਕੂ ਮਾਰ ਕੇ ਕਤਲ

ਲੰਡਨ – ਯੂ.ਕੇ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਦੱਖਣ-ਪੱਛਮੀ ਲੰਡਨ ਵਿੱਚ ਇੱਕ ਸੜਕ ‘ਤੇ ਹੋਈ ਲੜਾਈ ਵਿੱਚ ਚਾਕੂ ਨਾਲ ਜ਼ਖਮੀ ਹੋਏ ਇੱਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਮੈਟਰੋਪੋਲੀਟਨ ਪੁਲਸ ਨੇ ਸ਼ੁੱਕਰਵਾਰ ਨੂੰ ਇੱਕ ਬ੍ਰਿਟਿਸ਼ ਸਿੱਖ ਸਿਮਰਜੀਤ ਸਿੰਘ ਨੰਗਪਾਲ ਵਜੋਂ ਕੀਤੀ ਹੈ।

ਮੇਟ ਪੁਲਸ ਨੇ ਕਿਹਾ ਕਿ 21, 27, 31 ਅਤੇ 71 ਸਾਲ ਦੀ ਉਮਰ ਦੇ ਚਾਰ ਵਿਅਕਤੀਆਂ ਨੂੰ ਕਤਲ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਹਿਰਾਸਤ ਵਿੱਚ ਰੱਖਿਆ ਗਿਆ ਹੈ, ਜੋ ਕਿ ਬੁੱਧਵਾਰ ਤੜਕੇ ਲੰਡਨ ਦੇ ਹਾਉਂਸਲੋ ਖੇਤਰ ਵਿੱਚ ਵਾਪਰਿਆ ਸੀ। ਸਪੈਸ਼ਲਿਸਟ ਕ੍ਰਾਈਮ ਯੂਨਿਟ ਦੇ ਜਾਸੂਸਾਂ ਨੇ ਕਿਹਾ ਕਿ ਉਹ 17 ਸਾਲਾ ਸਿਮਰਜੀਤ ਦੀ ਦੁਖਦਾਈ ਮੌਤ ਸਬੰਧੀ ਸਬੂਤਾਂ ਨੂੰ ਇਕੱਠਾ ਕਰਨਾ ਜਾਰੀ ਰੱਖਣਗੇ ਅਤੇ ਕਮਿਊਨਿਟੀ ਨੂੰ ਭਰੋਸਾ ਦਿਵਾਉਂਦੇ ਹਨ ਕਿ ਉਹ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਸਖ਼ਤ ਮਿਹਨਤ ਕਰਨਗੇ।

ਡਿਟੈਕਟਿਵ ਇੰਸਪੈਕਟਰ ਮਾਰਟਿਨ ਥੋਰਪ ਨੇ ਕਿਹਾ,”ਅਸੀਂ ਸਿਮਰਜੀਤ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ਨੂੰ ਲੱਭਣ ਲਈ ਦਿਨ-ਰਾਤ ਕੰਮ ਕਰ ਰਹੇ ਹਾਂ, ਕਿਉਂਕਿ ਉਸਦੇ ਪਰਿਵਾਰਕ ਮੈਂਬਰ ਆਪਣੇ ਪੁੱਤ ਦੀ ਮੌਤ ਦੇ ਸਦਮੇ ਤੋਂ ਉਭਰਨ ਲਈ ਸੰਘਰਸ਼ ਕਰ ਰਹੇ ਹਨ।” ਉਸ ਨੇ ਦੱਸਿਆ,“ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਸਾਡੀ ਪੁੱਛਗਿੱਛ ਜਾਰੀ ਹੈ। ਅਸੀਂ ਇਸ ਘਟਨਾ ਸਬੰਧੀ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਦੀ ਅਪੀਲ ਕਰਦੇ ਹਾਂ। ਬਰਕੇਟ ਕਲੋਜ਼, ਹਾਉਂਸਲੋ ਵਿਖੇ ਚੱਲ ਰਹੀ ਲੜਾਈ ਦੀਆਂ ਰਿਪੋਰਟਾਂ ‘ਤੇ ਪੁਲਸ ਨੂੰ ਬੁਲਾਇਆ ਗਿਆ ਸੀ ਅਤੇ ਉਹ ਲੰਡਨ ਐਂਬੂਲੈਂਸ ਸੇਵਾ ਦੇ ਨਾਲ ਹਾਜ਼ਰ ਹੋਏ। ਮੌਕੇ ‘ਤੇ ਪਹੁੰਚੀ ਪੁਲਸ ਨੇ ਸਥਾਨਕ ਖੇਤਰ ਦੇ ਸਿਮਰਜੀਤ ਨੂੰ ਚਾਕੂ ਨਾਲ ਜ਼ਖ਼ਮੀ ਪਾਇਆ ਸੀ ਅਤੇ “ਐਮਰਜੈਂਸੀ ਸੇਵਾਵਾਂ ਦੇ ਉੱਤਮ ਯਤਨਾਂ ਦੇ ਬਾਵਜੂਦ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।” ਮਾਹਿਰ ਅਧਿਕਾਰੀਆਂ ਵੱਲੋਂ ਪੀੜਤ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ। 

Add a Comment

Your email address will not be published. Required fields are marked *