ਦਿੱਗਜ ਅਦਾਕਾਰਾ ਨੇ ਭਾਜਪਾ ਛੱਡੀ, ਕਾਂਗਰਸ ’ਚ ਸ਼ਾਮਲ ਹੋਣ ਦੀਆਂ ਅਟਕਲਾਂ
ਹੈਦਰਾਬਾਦ – ਤੇਲੰਗਾਨਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰ ਅਤੇ ਦਿੱਗਜ ਅਦਾਕਾਰਾ ਵਿਜੇਸ਼ਾਂਤੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਵਿਜੇਸ਼ਾਂਤੀ ਦੇ 17 ਨਵੰਬਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਮੌਜੂਦਗੀ ’ਚ ਪਾਰਟੀ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਉਹ ਹਾਲ ਦੇ ਦਿਨਾਂ ’ਚ ਭਾਜਪਾ ਦੇ ਪ੍ਰੋਗਰਾਮਾਂ ’ਚ ਸਰਗਰਮੀ ਨਾਲ ਹਿੱਸਾ ਨਹੀਂ ਲੈ ਰਹੀ ਸੀ। ਅਦਾਕਾਰਾ ਤੋਂ ਨੇਤਾ ਬਣੀ ਵਿਜੇਸ਼ਾਂਤੀ ਨੇ 2009 ’ਚ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਅਤੇ ਬੀ. ਆਰ. ਐੱਸ. (ਉਦੋਂ ਟੀ. ਆਰ. ਐੱਸ.) ਦੀ ਟਿਕਟ ’ਤੇ ਮੇਡਕ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਸੀ। ਬਾਅਦ ’ਚ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨਾਲ ਮਤਭੇਦਾਂ ਕਾਰਨ ਉਹ ਕਾਂਗਰਸ ਵਿਚ ਸ਼ਾਮਲ ਹੋ ਗਈ ਸੀ ਅਤੇ ਉਸੇ ਹਲਕੇ ਤੋਂ ਦੁਬਾਰਾ ਚੋਣ ਲੜੀ, ਜਿਸ ’ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਵਿਜੇਸ਼ਾਂਤੀ 2020 ’ਚ ਭਾਜਪਾ ’ਚ ਸ਼ਾਮਲ ਹੋ ਗਈ ਸੀ।

