ਹਮਾਸ ਦੇ ਸਿਆਸੀ ਬਿਊਰੋ ਚੀਫ ਹਾਨਿਆਹ ਦਾ ਘਰ ਤਬਾਹ

ਤੇਲ ਅਵੀਵ – ਇਜ਼ਰਾਈਲੀ ਫੌਜ ਗਾਜ਼ਾ ਦੇ ਅਲ ਸ਼ਿਫਾ ਹਸਪਤਾਲ ’ਚ ਬੀਤੇ ਦਿਨ ਦਾਖਲ ਹੋਈ ਸੀ। ਫੌਜ ਨੇ ਹੁਣ ਦਾਅਵਾ ਕੀਤਾ ਹੈ ਕਿ ਉਸ ਨੂੰ ਹਸਪਤਾਲ ਦੇ ਅੰਦਰੋਂ ਹਮਾਸ ਦਾ ਕਮਾਂਡ ਸੈਂਟਰ ਅਤੇ ਆਟੋਮੈਟਿਕ ਹਥਿਆਰ ਅਤੇ ਹੱਥਗੋਲੇ ਮਿਲੇ ਹਨ। ਅਲ ਸ਼ਿਫਾ ਹਸਪਤਾਲ ’ਚ ਮਿਲੇ ਹਥਿਆਰਾਂ ਬਾਰੇ ਇਜ਼ਰਾਈਲੀ ਫੌਜ ਦੇ ਬੁਲਾਰੇ ਡੇਨੀਅਲ ਹਗਾਰੀ ਨੇ ਕਿਹਾ ਕਿ ਤਲਾਸ਼ੀ ਦੌਰਾਨ ਸਾਨੂੰ ਖੁਫੀਆ ਜਾਣਕਾਰੀ ਇਕੱਠੀ ਕਰਨ ਵਾਲੇ ਉਪਕਰਨ, ਫੌਜੀ ਸਾਜ਼ੋ-ਸਾਮਾਨ ਅਤੇ ਕਈ ਹਥਿਆਰ ਮਿਲੇ ਹਨ। ਸਾਨੂੰ ਇਕ ਕਾਰਜਸ਼ੀਲ ਹੈੱਡਕੁਆਰਟਰ ਵੀ ਮਿਲਿਆ ਹੈ, ਜਿੱਥੋਂ ਹਮਾਸ ਦੇ ਲੜਾਕਿਆਂ ਦਾ ਸਾਮਾਨ ਅਤੇ ਉਨ੍ਹਾਂ ਦੀਆਂ ਵਰਦੀਆਂ ਮਿਲੀਆਂ ਹਨ। ਇਜ਼ਰਾਈਲੀ ਫੌਜ ਨੇ ਇਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਹਸਪਤਾਲ ਕੰਪਲੈਕਸ ਦੇ ਅੰਦਰ ਇਕ ਅਣਪਛਾਤੀ ਇਮਾਰਤ ਵਿੱਚ ਆਟੋਮੈਟਿਕ ਹਥਿਆਰ, ਗੋਲਾ ਬਾਰੂਦ ਅਤੇ ਜੈਕਟਾਂ ਨੂੰ ਸਟੋਰ ਕੀਤਾ ਗਿਆ ਸੀ। ਡੇਨੀਅਲ ਹਗਾਰੀ ਨੇ ਕਿਹਾ ਕਿ ਇਹ ਸਾਰੀਆਂ ਚੀਜਾਂ ਇਸ ਗੱਲ ਦਾ ਸੰਕੇਤ ਹਨ ਕਿ ਅਲ ਸ਼ਿਫਾ ਹਸਪਤਾਲ ਦੀ ਵਰਤੋਂ ਦਹਿਸ਼ਤ ਫੈਲਾਉਣ ਲਈ ਕੀਤੀ ਜਾ ਰਹੀ ਸੀ। ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ. ਡੀ.ਐੱਫ.) ਦੇ ਲੈਫਟੀਨੈਂਟ ਕਰਨਲ ਜੋਨਾਥਨ ਕਾਨਰਿਕਸ ਨੇ ਅਲ ਸ਼ਿਫਾ ਹਸਪਤਾਲ ਦੀ ਐੱਮ. ਆਰ. ਆਈ. ਇਮਾਰਤ ਦਾ ਦੌਰਾ ਕੀਤਾ, ਜਿੱਥੇ ਹਥਿਆਰ ਲੁਕੋ ਕੇ ਰੱਖੇ ਗਏ ਸਨ।

ਇਜ਼ਰਾਈਲੀ ਫੌਜ ਨੇ ਅਲ ਸ਼ਿਫਾ ਹਸਪਤਾਲ ਵਿੱਚ ਤਲਾਸ਼ੀ ਮੁਹਿੰਮ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਸਹਾਇਤਾ ਸਾਮਗਰੀ ਭੇਜੀ। ਫੌਜ ਨੇ ਕਿਹਾ ਕਿ ਹਮਾਸ ਆਪਣੇ ਬਚਾਅ ਲਈ ਗਾਜ਼ਾ ਦੇ ਨਾਗਰਿਕਾਂ ਦਾ ਸੋਸ਼ਣ ਕਰਦਾ ਹੈ, ਜਦਕਿ ਆਈ. ਡੀ. ਐੱਫ. ਨਾਗਰਿਕਾਂ ਦੇ ਨੁਕਸਾਨ ਨੂੰ ਘਟਾਉਣ ਲਈ ਮਨੁੱਖੀ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ। ਉੱਧਰ ਹਮਾਸ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਸ ਨੇ ਇਜ਼ਰਾਈਲੀ ਫੌਜ ਦੇ ਦੋਸ਼ਾਂ ਨੂੰ ਝੂਠ ਅਤੇ ਸਸਤਾ ਪ੍ਰਚਾਰ ਦੱਸਿਆ ਹੈ।

ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਗਾਜ਼ਾ ਪੱਟੀ ’ਚ ਹਮਾਸ ਦੇ ਸਿਆਸੀ ਬਿਊਰੋ ਚੀਫ ਇਸਮਾਈਲ ਹਾਨਿਆਹ ਦੇ ਘਰ ’ਤੇ ਹਮਲਾ ਕਰਕੇ ਉਸ ਨੂੰ ਤਬਾਹ ਕਰ ਦਿੱਤਾ। ਇਜ਼ਰਾਈਲ ਖਿਲਾਫ ਅੱਤਵਾਦੀ ਹਮਲਿਆਂ ਨੂੰ ਨਿਰਦੇਸ਼ਤ ਕਰਨ ਲਈ ਇਸ ਘਰ ਨੂੰ ਹਮਾਸ ਦੇ ਸੀਨੀਅਰ ਨੇਤਾਵਾਂ ਲਈ ਇਕ ਮੀਟਿੰਗ ਸਥਾਨ ਵਜੋਂ ਵਰਤਿਆ ਜਾ ਰਿਹਾ ਸੀ। ਇਸਮਾਈਲ ਹਾਨਿਆਹ ਕਤਰ ਵਿੱਚ ਰਹਿੰਦਾ ਹੈ ਪਰ ਉਸ ਦਾ ਦੱਜੀ ਜੱਦੀ ਘਰ ਗਾਜ਼ਾ ਪੱਟੀ ਵਿੱਚ ਹੈ। ਇਸ ਤੋਂ ਇਲਾਵਾ, ਇਜ਼ਰਾਈਲੀ ਸੁਰੱਖਿਆ ਬਲਾਂ ਨੇ ਮੱਧ ਗਾਜ਼ਾ ਵਿਚ ਹਮਾਸ ਦੇ ਬੰਦਰਗਾਹ ਬੇਸ ’ਤੇ ਕਬਜ਼ਾ ਕਰ ਲਿਆ ਹੈ।

ਆਈ. ਡੀ. ਐੱਫ. ਨੇ ਕਿਹਾ ਕਿ ਜਲ ਸੈਨਾ ਅਤੇ ਇੰਜੀਨੀਅਰਿੰਗ ਬਲਾਂ ਦੇ ਸਾਂਝੇ ਹਮਲੇ ’ਚ ਤਕਰੀਬਨ 10 ਟਨਲ ਸ਼ਾਫਟਾਂ ਨੂੰ ਅਤੇ ਅੱਤਵਾਦੀ ਬੁਨਿਆਦੀ ਢਾਂਚੇ ਦੀਆਂ 4 ਇਮਾਰਤਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਜ਼ਰਾਈਲੀ ਫੌਜ ਨੇ 10 ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਤੋਂ ਇਲਾਵਾ, 2010 ਦੇ ਮਾਵੀ ਮਰਮਾਰਾ ਛਾਪੇਮਾਰੀ ਦੀਆਂ ਘਟਨਾਵਾਂ ਦੀ ਵਡਿਆਈ ਕਰਨ ਵਾਲਾ ਇਕ ਮਿਊਜ਼ਿਅਮ ਵੀ ਢਾਹ ਦਿੱਤਾ ਗਿਆ।

ਇਜ਼ਰਾਈਲੀ ਫੌਜ ਦੇ ਅਲ ਸ਼ਿਫਾ ਹਸਪਤਾਲ ’ਚ ਦਾਖਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਗਾਜ਼ਾ ’ਚ ਅਜਿਹੀ ਕੋਈ ਜਗ੍ਹਾ ਨਹੀਂ ਹੈ, ਜਿੱਥੇ ਅਸੀਂ ਨਹੀਂ ਪਹੁੰਚ ਸਕਦੇ। ਅਸੀਂ ਹਮਾਸ ਤੱਕ ਪਹੁੰਚਾਂਗੇ ਅਤੇ ਉਸ ਨੂੰ ਖਤਮ ਕਰ ਕੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਵਾਂਗੇ, ਜਿਨ੍ਹਾਂ ਨੂੰ ਉਨ੍ਹਾਂ ਨੇ ਬੰਧਕ ਬਣਾ ਕੇ ਰੱਖਿਆ ਹੈ।
ਗਾਜ਼ਾ ਵਿੱਚ ਜੰਗਬੰਦੀ ਦੀ ਮੰਗ ਕਰਨ ਵਾਲਾ ਮਤਾ ਸੰਯੁਕਤ ਰਾਸ਼ਟਰ ’ਚ ਪ੍ਰਵਾਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਗਾਜ਼ਾ ਵਿੱਚ ਇਜ਼ਰਾਈਲੀ ਫੌਜ ਦੇ ਜ਼ਮੀਨੀ ਅਤੇ ਹਵਾਈ ਹਮਲਿਆਂ ਦੇ ਵਿਚਕਾਰ ਫਿਲਸਤੀਨ ਵਿੱਚ ਆਮ ਨਾਗਰਿਕਾਂ ਦੀਆਂ ਵਧਦੀਆਂ ਮੁਸ਼ਕਿਲਾਂ ਨੂੰ ਘਟਾਉਣ ਲਈ ਤੁਰੰਤ ਜੰਗਬੰਦੀ ਦੀ ਮੰਗ ਕਰਨ ਵਾਲਾ ਮਤਾ ਪ੍ਰਵਾਨ ਕਰ ਲਿਆ। ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਦੀ ਸ਼ੁਰੂਆਤ ਤੋਂ ਬਾਅਦ ਸੰਯੁਕਤ ਰਾਸ਼ਟਰ ਵੱਲੋਂ ਮਨਜ਼ੂਰ ਕੀਤਾ ਗਿਆ ਇਹ ਪਹਿਲਾ ਮਤਾ ਹੈ। ਮਤੇ ’ਚ ਹਮਾਸ ਵੱਲੋਂ 7 ਅਕਤੂਰ ਨੂੰ ਇਜ਼ਰਾਈਲ ’ਤੇ ਕੀਤੇ ਗਏ ਅਚਾਨਕ ਹਮਲੇ ਦੀ ਨਿੰਦਾ ਕੀਤੇ ਜਾਣ ’ਤੇ ਅਮਰੀਕਾ ਅਤੇ ਬ੍ਰਿਟੇਨ ਨੇ ਇਸ ਤੋਂ ਦੂਰੀ ਬਣਾ ਲਈ। ਉੱਥੇ ਹੀ ਇਜ਼ਰਾਈਲ ਨੇ ਇਸ ਮਤੇ ਨੂੰ ਖਾਰਿਜ ਕਰ ਦਿੱਤਾ।

Add a Comment

Your email address will not be published. Required fields are marked *