ਐਸ਼ਵਰਿਆ ’ਤੇ ਪਾਕਿ ਕ੍ਰਿਕਟਰ ਅਬਦੁਲ ਦੀ ਇਤਰਾਜ਼ਯੋਗ ਟਿੱਪਣੀ

ਮੁੰਬਈ – ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਅਬਦੁਲ ਰਜ਼ਾਕ ਨੇ ਆਪਣੀ ਗੱਲਬਾਤ ’ਚ ਐਸ਼ਵਰਿਆ ਰਾਏ ਬੱਚਨ ਬਾਰੇ ਇਤਰਾਜ਼ਯੋਗ ਗੱਲ ਆਖੀ ਹੈ। ਅਬਦੁਲ ਰਜ਼ਾਕ ਨੇ ਕਿਹਾ ਕਿ ਜੇਕਰ ਇਰਾਦੇ ਚੰਗੇ ਨਹੀਂ ਹਨ ਤੇ ਅਸੀਂ ਸੋਚਦੇ ਹਾਂ ਕਿ ਅਸੀਂ ਐਸ਼ਵਰਿਆ ਰਾਏ ਨਾਲ ਵਿਆਹ ਕਰਾਂਗੇ ਤੇ ਬੁੱਧੀਮਾਨ ਬੱਚੇ ਪੈਦਾ ਕਰਾਂਗੇ ਤਾਂ ਅਜਿਹਾ ਨਹੀਂ ਹੋਵੇਗਾ।

ਦਰਅਸਲ ਅਬਦੁਲ ਰਜ਼ਾਕ ਵਿਸ਼ਵ ਕੱਪ ’ਚ ਪਾਕਿਸਤਾਨ ਦੇ ਖ਼ਰਾਬ ਪ੍ਰਦਰਸ਼ਨ ’ਤੇ ਇਕ ਟੀ. ਵੀ. ਚੈਨਲ ਲਈ ਬੋਲ ਰਹੇ ਸਨ। ਉਸ ਨੇ ਖਿਡਾਰੀਆਂ ਦੇ ਇਰਾਦਿਆਂ ’ਤੇ ਸਵਾਲ ਚੁੱਕੇ। ਰਜ਼ਾਕ ਨੇ ਕਿਹਾ ਕਿ ਖਿਡਾਰੀਆਂ ਦੇ ਇਰਾਦੇ ਖ਼ਰਾਬ ਸਨ, ਜਿਸ ਕਾਰਨ ਉਹ ਪ੍ਰਦਰਸ਼ਨ ਨਹੀਂ ਕਰ ਸਕੇ। ਰਜ਼ਾਕ ਦੇ ਇਸ ਬਿਆਨ ਨੇ ਕਾਫ਼ੀ ਵਿਵਾਦ ਖੜ੍ਹਾ ਕਰ ਦਿੱਤਾ ਸੀ। ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ। ਮਾਮਲਾ ਵਧਦਾ ਦੇਖ ਰਜ਼ਾਕ ਨੂੰ ਖ਼ੁਦ ਅੱਗੇ ਆ ਕੇ ਮੁਆਫ਼ੀ ਮੰਗਣੀ ਪਈ। ਅਬਦੁਲ ਰਜ਼ਾਕ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ, ਉਹ ਇਸ ਲਈ ਬਹੁਤ ਸ਼ਰਮਿੰਦਾ ਹੈ ਤੇ ਐਸ਼ਵਰਿਆ ਰਾਏ ਤੋਂ ਮੁਆਫ਼ੀ ਮੰਗਦਾ ਹੈ।

ਅਬਦੁਲ ਨੇ ਕਿਹਾ ਸੀ, ‘‘ਜਦੋਂ ਅਸੀਂ ਖੇਡੇ ਤਾਂ ਸਾਡੇ ਇਰਾਦੇ ਸਾਫ਼ ਸਨ। ਇਸੇ ਲਈ ਅਸੀਂ ਯੂਨਿਸ ਖ਼ਾਨ ਦੀ ਕਪਤਾਨੀ ’ਚ 2009 ’ਚ ਵਿਸ਼ਵ ਕੱਪ ਜਿੱਤਿਆ ਸੀ। ਯੂਨਿਸ ਦੇ ਇਰਾਦੇ ਸਾਫ਼ ਸਨ। ਅੱਜ ਅਸੀਂ ਹਾਰ ਰਹੇ ਹਾਂ ਕਿਉਂਕਿ ਸਾਡੇ ਇਰਾਦੇ ਠੀਕ ਨਹੀਂ ਹਨ। ਹੁਣ ਸਾਡੇ ਲਈ ਇਹ ਸੰਭਵ ਨਹੀਂ ਹੈ। ਸੋਚੋ ਕਿ ਅਸੀਂ ਐਸ਼ਵਰਿਆ (ਰਾਏ) ਨਾਲ ਵਿਆਹ ਕਰਵਾ ਲਵਾਂਗੇ ਤੇ ਉਸ ਤੋਂ ਇਕ ਨੇਕ ਬੱਚਾ ਪੈਦਾ ਕਰਾਂਗੇ, ਸਾਨੂੰ ਪਹਿਲਾਂ ਆਪਣੀ ਸੋਚ ਸੁਧਾਰਨੀ ਪਵੇਗੀ।’’ ਜਦੋਂ ਰਜ਼ਾਕ ਨੇ ਇਹ ਕਿਹਾ ਤਾਂ ਉਸ ਦੇ ਕੋਲ ਬੈਠੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਤੇ ਉਮਰ ਗੁਲ ਹੱਸ ਪਏ। ਉਸ ਨੂੰ ਇਹ ਕਹਿਣ ਤੋਂ ਕਿਸੇ ਨੇ ਨਹੀਂ ਰੋਕਿਆ। ਹਾਲਾਂਕਿ ਜਦੋਂ ਇਹ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਤਾਂ ਰਜ਼ਾਕ ਦੀ ਕਾਫ਼ੀ ਨਿੰਦਿਆ ਹੋਣ ਲੱਗੀ।

ਪਾਕਿਸਤਾਨੀ ਟੀਮ ਦੇ ਸਾਬਕਾ ਕਪਤਾਨ ਵਕਾਰ ਯੂਨਿਸ, ਮੁਹੰਮਦ ਯੂਸਫ ਤੇ ਸ਼ੋਏਬ ਅਖ਼ਤਰ ਨੇ ਅਬਦੁਲ ਰਜ਼ਾਕ ਦੇ ਇਸ ਬਿਆਨ ’ਤੇ ਡੂੰਘਾ ਇਤਰਾਜ਼ ਜਤਾਇਆ ਹੈ। ਸ਼ਾਹਿਦ ਅਫਰੀਦੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਰਜ਼ਾਕ ਨੇ ਕੀ ਕਿਹਾ ਤੇ ਚਲੇ ਗਏ। ਅਫਰੀਦੀ ਨੇ ਕਿਹਾ ਕਿ ਜਦੋਂ ਉਸ ਨੇ ਬਾਅਦ ’ਚ ਕਲਿੱਪ ਦੇਖੀ ਤਾਂ ਉਸ ਨੂੰ ਵੀ ਇਹ ਕਾਫ਼ੀ ਅਜੀਬ ਲੱਗਾ।

ਰਜ਼ਾਕ ਨੇ ਮੁਆਫ਼ੀ ਮੰਗਦਿਆਂ ਕਿਹਾ, ‘‘ਕੱਲ ਪ੍ਰੈੱਸ ਕਾਨਫਰੰਸ ’ਚ ਕ੍ਰਿਕਟ ’ਤੇ ਚਰਚਾ ਹੋ ਰਹੀ ਸੀ। ਗੱਲ ਕਰਦਿਆਂ ਮੇਰੀ ਜ਼ੁਬਾਨ ਫਿਸਲ ਗਈ। ਮੈਨੂੰ ਕੋਈ ਹੋਰ ਉਦਾਹਰਣ ਦੇਣੀ ਚਾਹੀਦੀ ਸੀ ਪਰ ਮੇਰੇ ਮੂੰਹੋਂ ਐਸ਼ਵਰਿਆ ਜੀ ਦਾ ਨਾਂ ਨਿਕਲ ਗਿਆ। ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਮੈਂ ਉਸ ਤੋਂ ਦਿਲੋਂ ਮੁਆਫ਼ੀ ਮੰਗਦਾ ਹਾਂ।’’

Add a Comment

Your email address will not be published. Required fields are marked *