ਸੈਮੀਫ਼ਾਈਨਲ ‘ਚ ਨਿਊਜ਼ੀਲੈਂਡ ਨੂੰ ਹਰਾਏ ਬਗੈਰ ਵੀ ਫ਼ਾਈਨਲ ‘ਚ ਪਹੁੰਚ ਸਕਦੈ ਭਾਰਤ

ਭਾਰਤੀ ਟੀਮ 15 ਨਵੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਆਈ.ਸੀ.ਸੀ. ਵਿਸ਼ਵ ਕੱਪ 2023 ਦੇ ਪਹਿਲੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਖ਼ਿਲਾਫ਼ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਮੈਚ ਭਾਰਤ ਲਈ ਕਾਫੀ ਅਹਿਮ ਹੈ ਕਿਉਂਕਿ ਇਸ ਕੋਲ 2019 ਵਿਸ਼ਵ ਕੱਪ ਸੈਮੀਫਾਈਨਲ ‘ਚ ਨਿਊਜ਼ੀਲੈਂਡ ਤੋਂ ਮਿਲੀ ਹਾਰ ਦਾ ਬਦਲਾ ਲੈਣ ਦਾ ਮੌਕਾ ਹੈ। ਹਾਲਾਂਕਿ ਇਸ ਵਾਰ ਚੰਗੀ ਖ਼ਬਰ ਇਹ ਹੈ ਕਿ ਜੇਕਰ ਕਿਸੇ ਕਾਰਨ ਸੈਮੀਫਾਈਨਲ ਮੈਚ ਪੂਰਾ ਨਹੀਂ ਹੋ ਸਕਿਆ ਤਾਂ ਭਾਰਤ ਸਿੱਧੇ ਫਾਈਨਲ ‘ਚ ਪਹੁੰਚ ਜਾਵੇਗਾ।

ਦਰਅਸਲ, ਆਈ.ਸੀ.ਸੀ. ਦੇ ਨਿਯਮ ਮੁਤਾਬਕ ਜੇਕਰ ਕਿਸੇ ਕਾਰਨ ਇਸ ਵਿਸ਼ਵ ਕੱਪ ਵਿਚ ਸੈਮੀਫਾਈਨਲ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਦਾ ਤਾਂ ਅੰਕ ਸੂਚੀ ਵਿਚ ਸਿਖਰਲੇ ਸਥਾਨ ‘ਤੇ ਰਹਿਣ ਵਾਲੀ ਟੀਮ ਸਿੱਧੇ ਫਾਈਨਲ ਵਿਚ ਪ੍ਰਵੇਸ਼ ਕਰੇਗੀ। ਭਾਰਤ ਨੇ ਆਪਣੇ ਸਾਰੇ 9 ਲੀਗ ਮੈਚ ਜਿੱਤ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਸੀ, ਜਦਕਿ ਨਿਊਜ਼ੀਲੈਂਡ ਨੇ 5 ਮੈਚ ਜਿੱਤ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਸੀ।

ਇਸ ਤੋਂ ਇਲਾਵਾ ਆਈ.ਸੀ.ਸੀ. ਨੇ ਪੁਸ਼ਟੀ ਕੀਤੀ ਹੈ ਕਿ ਸੈਮੀਫਾਈਨਲ ਅਤੇ ਫਾਈਨਲ ਮੈਚ ਦੋਵਾਂ ਲਈ ਇਕ-ਇਕ ਦਿਨ ਦਾ ਰਿਜ਼ਰਵ ਡੇਅ ਰੱਖਿਆ ਗਿਆ ਹੈ। ਇਸ ਲਈ ਜੇਕਰ ਸੈਮੀਫਾਈਨਲ ਅਤੇ ਫਾਈਨਲ ਮੈਚ ‘ਚ ਮੀਂਹ ਪੈਂਦਾ ਹੈ ਤਾਂ ਉਹ ਮੈਚ ਅਗਲੇ ਦਿਨ ਪੂਰਾ ਕੀਤਾ ਜਾਵੇਗਾ। ਸੈਮੀਫਾਈਨਲ ਮੈਚ ਦਾ ਰਿਜ਼ਰਵ ਦਿਨ 16 ਨਵੰਬਰ ਨੂੰ ਹੋਵੇਗਾ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਵਿਚਾਲੇ 16 ਨਵੰਬਰ ਨੂੰ ਹੋਣ ਵਾਲੇ ਸੈਮੀਫਾਈਨਲ ਮੈਚ ਦਾ ਰਿਜ਼ਰਵ ਡੇਅ 17 ਨਵੰਬਰ ਨੂੰ ਰੱਖਿਆ ਗਿਆ ਹੈ, ਜਦਕਿ 19 ਨਵੰਬਰ ਨੂੰ ਹੋਣ ਵਾਲੇ ਫਾਈਨਲ ਮੈਚ ਲਈ ਰਿਜ਼ਰਵ ਡੇਅ 20 ਨਵੰਬਰ ਦਾ ਦਿਨ ਰੱਖਿਆ ਗਿਆ ਹੈ। ਸੈਮੀਫਾਈਨਲ ਅਤੇ ਫਾਈਨਲ ਲਈ 120 ਮਿੰਟ ਦਾ ਵਾਧੂ ਸਮਾਂ ਵੀ ਦਿੱਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ 2019 ਵਿਸ਼ਵ ਕੱਪ ਵਿਚ ਭਾਰਤ ਦਾ ਸੈਮੀਫਾਈਨਲ ਮੈਚ ਨਿਊਜ਼ੀਲੈਂਡ ਦੇ ਖਿਲਾਫ ਹੀ ਖੇਡਿਆ ਗਿਆ ਸੀ। ਉਸ ਮੈਚ ‘ਚ ਵੀ ਬਾਰਿਸ਼ ਅੜਿੱਕਾ ਬਣੀ ਸੀ, ਜਿਸ ਤੋਂ ਬਾਅਦ ਉਹ ਮੈਚ ਰਿਜ਼ਰਵ ਡੇ ‘ਤੇ ਪੂਰਾ ਹੋਇਆ ਸੀ, ਜਿਸ ‘ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਰੋਹਿਤ ਸ਼ਰਮਾ ਦੀ ਅਗਵਾਈ ‘ਚ ਟੀਮ ਇੰਡੀਆ ਨੇ ਲੀਗ ਪੜਾਅ ਦੇ ਸਾਰੇ ਮੈਚ ਜਿੱਤੇ ਹਨ। ਦੂਜੇ ਪਾਸੇ ਨਿਊਜ਼ੀਲੈਂਡ ਨੇ ਸ਼ੁਰੂਆਤ ‘ਚ ਚੰਗੀ ਕ੍ਰਿਕਟ ਖੇਡੀ ਪਰ ਉਸ ਤੋਂ ਬਾਅਦ ਲਗਾਤਾਰ 4 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Add a Comment

Your email address will not be published. Required fields are marked *