ਆਗਰਾ ਦੇ ਆਸ਼ਰਮ ‘ਚ ਸਕੀਆਂ ਭੈਣਾਂ ਦੀ ਖ਼ੁਦਕੁਸ਼ੀ ਦੇ ਮਾਮਲੇ ‘ਚ 3 ਲੋਕ ਗ੍ਰਿਫ਼ਤਾਰ

ਆਗਰਾ – ਆਗਰਾ ਜ਼ਿਲ੍ਹੇ ਦੇ ਜਗਨੇਰ ਥਾਣਾ ਖੇਤਰ ਵਿਚ ਸਥਿਤ ਬ੍ਰਹਮਾ ਕੁਮਾਰੀ ਆਸ਼ਰਮ ਵਿਚ ਰਹਿਣ ਵਾਲੀਆਂ 2 ਭੈਣਾਂ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਭੈਣਾਂ ਏਕਤਾ ਸਿੰਘਲ (38) ਅਤੇ ਸ਼ਿਖਾ ਸਿੰਘਲ (34) ਨੇ ਸ਼ੁੱਕਰਵਾਰ ਰਾਤ ਨੂੰ ਆਸ਼ਰਮ ਵਿਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਸੀ ਅਤੇ ਅਤੇ ਇਹ ਕਦਮ ਚੁੱਕਣ ਨੂੰ ਮਜ਼ਬੂਰ ਕਰਨ ਲਈ ਜ਼ਿੰਮੇਵਾਰ ਚਾਰ ਲੋਕਾਂ ਦੇ ਨਾਂ ਇਕ ਪੱਤਰ ਛੱਡਿਆ ਸੀ। ਪੁਲਸ ਨੇ ਪੱਤਰ ਤੋਂ ਇਲਾਵਾ ਆਸ਼ਰਮ ਤੋਂ ਉਨ੍ਹਾਂ ਦੇ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ। ਇਸ ਮਾਮਲੇ ਵਿਚ ਆਗਰਾ ਜ਼ਿਲ੍ਹੇ ਦੇ ਜਗਨੇਰ ਪੁਲਸ ਸਟੇਸ਼ਨ ਵਿਚ ਭਾਰਤੀ ਦੰਡਾਵਲੀ ਦੀ ਧਾਰਾ 306 ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।

ਖੇਰਾਗੜ੍ਹ ਦੇ ਸਹਾਇਕ ਪੁਲਸ ਕਮਿਸ਼ਨਰ ਮਹੇਸ਼ ਕੁਮਾਰ ਨੇ ਦੱਸਿਆ,”ਸ਼ੁੱਕਰਵਾਰ ਰਾਤ ਪੁਲਸ ਨੂੰ ਬ੍ਰਹਮਾ ਕੁਮਾਰੀ ਆਸ਼ਰਮ ਨਾਲ ਜੁੜੀਆਂ ਦੋ ਭੈਣਾਂ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ।” ਕੁਮਾਰ ਨੇ ਦੱਸਿਆ ਕਿ ਦੋਵੇਂ ਭੈਣਾਂ ਪਿਛਲੇ ਕਈ ਸਾਲਾਂ ਤੋਂ ਆਸ਼ਰਮ ‘ਚ ਰਹਿ ਰਹੀਆਂ ਸਨ ਅਤੇ ਸੁਸਾਈਡ ਨੋਟ ‘ਚ ਉਨ੍ਹਾਂ ਨੇ ਨੀਰਜ, ਤਾਰਾ ਚੰਦ, ਗੁਡਨ ਅਤੇ ਪੂਨਮ ‘ਤੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਦੋਸ਼ ਲਗਾਇਆ। ਕੁਮਾਰ ਨੇ ਕਿਹਾ,“ਨੀਰਜ ਸਿੰਘਲ ਭੈਣਾਂ ਦਾ ਚਚੇਰਾ ਭਰਾ ਹੈ ਅਤੇ ਤਾਰਾ ਚੰਦ ਉਨ੍ਹਾਂ ਦਾ ਚਾਚਾ ਹੈ। ਪੂਨਮ ਆਸ਼ਰਮ ਦੀ ਮੈਂਬਰ ਹੈ। ਗੁਡਨ ਵੀ ਸਿੰਘਲ ਦੀ ਰਿਸ਼ਤੇਦਾਰ ਵੀ ਹੈ।” ਏ.ਸੀ.ਪੀ. ਅਨੁਸਾਰ ਮੁਲਜ਼ਮਾਂ ਨੇ ਮਿਲ ਕੇ ਜਗਨੇਰ ਵਿਚ ਆਸ਼ਰਮ ਬਣਾਇਆ ਸੀ, ਬਾਅਦ ਵਿਚ ਪੂਨਮ ਅਤੇ ਨੀਰਜ ਇਸ ਦੇ ਗਵਾਲੀਅਰ ਕੇਂਦਰ ਵਿਚ ਚਲੇ ਗਏ। ਕੁਮਾਰ ਨੇ ਦੱਸਿਆ,”ਸੁਸਾਈਡ ਨੋਟ ਮੁਤਾਬਕ ਝਗੜੇ ਦਾ ਕਾਰਨ 25 ਲੱਖ ਰੁਪਏ ਸੀ।” ਜਗਨੇਰ ਥਾਣਾ ਇੰਚਾਰਜ ਅਵਨੀਤ ਮਾਨ ਨੇ ਦੱਸਿਆ ਕਿ ਤਾਰਾ ਚੰਦ, ਗੁਡਨ ਅਤੇ ਪੂਨਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਨੀਰਜ ਸਿੰਘਲ ਦੀ ਭਾਲ ਜਾਰੀ ਹੈ।

Add a Comment

Your email address will not be published. Required fields are marked *