ਇਸ ਦੀਵਾਲੀ ’ਤੇ ਨਹੀਂ ਜਗਮਗਾਏਗਾ PGI

ਚੰਡੀਗੜ੍ਹ : ਪੀ. ਜੀ. ਆਈ. ਵਿਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਸੰਸਥਾ ਅਲਰਟ ’ਤੇ ਹੈ। ਦੀਵਾਲੀ ਦੇ ਮੱਦੇਨਜ਼ਰ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਡਾਇਰੈਕਟਰ ਪੀ. ਜੀ. ਆਈ. ਡਾ. ਵਿਵੇਕ ਲਾਲ ਨੇ ਹੁਕਮ ਦਿੱਤੇ ਹਨ ਕਿ ਦੀਵਾਲੀ ਦੇ ਮੱਦੇਨਜ਼ਰ ਸੰਸਥਾ ਦੇ ਆਲੇ-ਦੁਆਲੇ ਕਿਸੇ ਵੀ ਤਰ੍ਹਾਂ ਦੀ ਲਾਈਟਿੰਗ, ਦੀਵੇ, ਮੋਮਬੱਤੀ, ਪਟਾਕੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਮਾਨ, ਜਿਸ ਨਾਲ ਧਮਾਕੇ ਜਾਂ ਅੱਗ ਲੱਗਣ ਦਾ ਖਤਰਾ ਹੋਵੇ, ਨੂੰ ਨਾ ਚਲਾਇਆ ਜਾਵੇ।

ਡਾਇਰੈਕਟਰ ਅਨੁਸਾਰ ਇਹ ਫੈਸਲਾ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ, ਤਾਂ ਕਿ ਕਿਸੇ ਮਰੀਜ਼, ਅਟੈਂਡੈਂਟ ਜਾਂ ਸੰਸਥਾ ਨੂੰ ਕੋਈ ਨੁਕਸਾਨ ਨਾ ਹੋਵੇ। ਨਾਲ ਹੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਫਾਇਰ ਸੇਫ਼ਟੀ, ਟਰੋਮਾ ਸੈਂਟਰ, ਐਮਰਜੈਂਸੀ, ਸੁਰੱਖਿਆ ਟੀਮ ਅਤੇ ਹੋਰ ਕਈ ਵਿਭਾਗਾਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ। ਡਾਇਰੈਕਟਰ ਦਫ਼ਤਰ ਵੱਲੋਂ ਪੀ. ਜੀ. ਆਈ. ਦੇ ਸਾਰੇ ਵਿਭਾਗਾਂ ਨੂੰ ਇਸ ਦੇ ਹੁਕਮ ਦੇ ਦਿੱਤੇ ਗਏ ਹਨ। ਵਿਸ਼ੇਸ਼ ਨੰਬਰ ਜਾਰੀ ਕੀਤੇ ਗਏ ਹਨ, ਤਾਂ ਜੋ ਕਿਸੇ ਵੀ ਹਾਦਸੇ ਨੂੰ ਸਮੇਂ ਸਿਰ ਰੋਕਿਆ ਜਾ ਸਕੇ।

ਪੀ. ਜੀ. ਆਈ. ਵਿਚ 9 ਅਕਤੂਬਰ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਫਾਇਰ ਸੇਫ਼ਟੀ ਉਪਕਰਨਾਂ ਦੇ ਮੱਦੇਨਜ਼ਰ ਕਈ ਬਦਲਾਅ ਕੀਤੇ ਜਾ ਰਹੇ ਹਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਪੀ. ਜੀ. ਆਈ. ਨੇ ਇਕ ਜਾਂਚ ਕਮੇਟੀ ਦਾ ਗਠਨ ਵੀ ਕੀਤਾ ਸੀ, ਜਿਸ ਦੀ ਰਿਪੋਰਟ ਵਿਚ ਅੱਗ ਲੱਗਣ ਦਾ ਮੁੱਖ ਕਾਰਨ ਯੂ. ਪੀ. ਐੱਸ. ਬੈਟਰੀ ਵਿਚ ਸ਼ਾਰਟ ਸਰਕਟ ਸੀ।

ਪੀ. ਜੀ. ਆਈ. ਵਲੋਂ ਯੂ. ਪੀ. ਐੱਸ. ਵਿਚ ਬੈਟਰੀ ਬਦਲਣ ਲਈ ਹਾਲ ਹੀ ਵਿਚ ਟੈਂਡਰ ਵੀ ਮੰਗੇ ਗਏ ਹਨ। ਪੀ. ਜੀ. ਆਈ. ਵਿਚ 25 ਵੱਖ-ਵੱਖ ਸਾਈਟਾਂ ਹਨ, ਜਿੱਥੇ ਯੂ. ਪੀ. ਐੱਸ. ਬੈਟਰੀਆਂ ਇਸ ਤਰ੍ਹਾਂ ਦੇ ਕਮਰੇ ਵਿਚ ਰੱਖੀਆਂ ਜਾਂਦੀਆਂ ਹਨ। ਹਾਲਾਂਕਿ ਵਿਭਾਗ ਵਲੋਂ ਲਗਾਤਾਰ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਦੀ ਚੈਕਿੰਗ ਅਤੇ ਸਰਵਿਸ ਕੀਤੀ ਜਾਂਦੀ ਹੈ, ਤਾਂ ਜੋ ਕੋਈ ਸਮੱਸਿਆ ਨਾ ਆਵੇ। ਇਹ ਸਾਰੀਆਂ ਬੈਟਰੀਆਂ ਅਗਲੇ 6 ਮਹੀਨਿਆਂ ਤੋਂ ਪਹਿਲਾਂ ਬਦਲ ਦਿੱਤੀਆਂ ਜਾਣਗੀਆਂ, ਇਸ ਲਈ 1 ਕਰੋੜ 78 ਲੱਖ ਰੁਪਏ ਦਾ ਟੈਂਡਰ ਮੰਗਿਆ ਗਿਆ ਹੈ।

ਪੀ. ਜੀ. ਆਈ. ਵਿਚ ਬਿਜਲੀ ਵਿਚ ਕਿਸੇ ਵੀ ਤਰ੍ਹਾਂ ਦਾ ਨੁਕਸ ਪੈਣ ’ਤੇ ਜਨਰੇਟਰ ਤੋਂ ਬਿਜਲੀ ਸਪਲਾਈ ਸੁਰੂ ਹੋ ਜਾਂਦੀ ਹੈ ਪਰ ਇਸ ਵਿਚ ਘੱਟੋ-ਘੱਟ 2 ਮਿੰਟ ਲੱਗ ਜਾਂਦੇ ਹਨ ਪਰ ਕਈ ਓ. ਟੀ. ਅਤੇ ਹੋਰ ਬਹੁਤ ਸਾਰੇ ਮੈਡੀਕਲ ਉਪਕਰਨਾਂ ਨੂੰ ਲਗਾਤਾਰ ਬਿਜਲੀ ਸਪਲਾਈ ਦੀ ਲੋੜ ਹੁੰਦੀ ਹੈ। ਇਸ ਦੋ ਮਿੰਟ ਦੇ ਫਰਕ ਨੂੰ ਯੂ. ਪੀ. ਐੱਸ. ਕਮਰੇ ਵਿਚ ਰੱਖੀਆਂ ਬੈਟਰੀਆਂ ਤੋਂ ਪਾਵਰ ਦਿੱਤੀ ਜਾਂਦੀ ਹੈ। ਇਸ ਲਈ ਇਹ ਇਕ ਮਹੱਤਵਪੂਰਨ ਹਿੱਸਾ ਹੈ। ਨਵੀਆਂ ਇਮਾਰਤਾਂ ਵਿਚ ਹਰੇਕ ਬੈਟਰੀ ਨੂੰ ਵੱਖ-ਵੱਖ ਡਕ ਰਾਹੀਂ ਰੱਖਿਆ ਜਾਂਦਾ ਹੈ ਪਰ ਪੀ. ਜੀ. ਆਈ. ਵਿਚ ਨਹਿਰੂ ਇਮਾਰਤਾਂ ਪੁਰਾਣੀਆਂ ਹਨ।

Add a Comment

Your email address will not be published. Required fields are marked *