ਵਿਸ਼ਵ ਕੱਪ ਵਿਚਾਲੇ ਭਾਰਤੀ ਖਿਡਾਰੀ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

ਚੰਡੀਗੜ੍ਹ : ਵਿਸ਼ਵ ਕੱਪ 2023 ਵਿਚਾਲੇ ਭਾਰਤੀ ਆਲਰਾਊਂਡਰ ਗੁਰਕੀਰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਅਤੇ ਭਾਰਤੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।  2016 ਦੇ ਆਸਟਰੇਲੀਆ ਦੌਰੇ ਵਿਚ ਭਾਰਤ ਲਈ ਤਿੰਨ ਵਨਡੇ ਖੇਡਣ ਵਾਲੇ ਇਸ ਖਿਡਾਰੀ ਨੇ ਇਨ੍ਹਾਂ ਮੈਚਾਂ ਵਿਚ ਮੱਧਕ੍ਰਮ ਵਿਚ ਬੱਲੇਬਾਜ਼ੀ ਕਰਨ ਤੋਂ ਇਲਾਵਾ ਇਕ ਆਫ ਸਪਿਨਰ ਵਜੋਂ 10 ਓਵਰ ਵੀ ਸੁੱਟੇ ਸਨ। ਪੰਜਾਬ ਟੀਮ ਦੇ ਅੰਦਰ ਅਤੇ ਬਾਹਰ ਹੋਣ ਅਤੇ 2020 ਤੋਂ ਆਈ.ਪੀ.ਐੱਲ. ਵਿਚ ਨਾ ਖੇਡ ਸਕਣ ਦੇ ਕਾਰਨ ਗੁਰਕੀਰਤ ਨੇ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ। 

ਗੁਰਕੀਰਤ ਨੇ ਇੰਸਟਾਗ੍ਰਾਮ ‘ਤੇ ਲਿਖਿਆ, ”ਅੱਜ ਮੇਰੇ ਸ਼ਾਨਦਾਰ ਕ੍ਰਿਕਟ ਸਫ਼ਰ ਦਾ ਆਖ਼ਰੀ ਦਿਨ ਹੈ। ਭਾਰਤ ਦੀ ਨੁਮਾਇੰਦਗੀ ਕਰਨਾ ਮਾਣ ਅਤੇ ਸਨਮਾਨ ਦੀ ਗੱਲ ਹੈ। ਮੈਨੂੰ ਸਮਰਥਨ ਦੇਣ ਲਈ ਮੈਂ ਆਪਣੇ ਪਰਿਵਾਰ, ਦੋਸਤਾਂ, ਕੋਚਾਂ ਅਤੇ ਸਾਥੀ ਖਿਡਾਰੀਆਂ ਦਾ ਧੰਨਵਾਦ ਕਰਦਾ ਹਾਂ। ਤੁਸੀਂ ਸਾਰਿਆਂ ਨੇ ਮੇਰੇ ਕਰੀਅਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।” ਉਸ ਨੇ 2011 ਵਿਚ ਸੀ.ਕੇ. ਨਾਇਡੂ ਟਰਾਫੀ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 2015-16 ‘ਚ ਰਣਜੀ ਟਰਾਫੀ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੋਹਰਾ ਸੈਂਕੜਾ ਵੀ ਲਗਾਇਆ। 

ਆਪਣਾ ਵਨਡੇ ਡੈਬਿਊ ਕਰਨ ਤੋਂ ਪਹਿਲਾਂ, ਉਸ ਨੂੰ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਟੈਸਟ ਸੀਰੀਜ਼ ਲਈ ਟੈਸਟ ਟੀਮ ਵਿਚ ਵੀ ਸ਼ਾਮਲ ਕੀਤਾ ਗਿਆ ਸੀ, ਪਰ ਉਸ ਨੂੰ ਡੈਬਿਊ ਕਰਨ ਦਾ ਮੌਕਾ ਨਹੀਂ ਮਿਲਿਆ। ਆਈ.ਪੀ.ਐੱਲ. ਵਿਚ, ਉਹ ਪੰਜਾਬ ਕਿੰਗਜ਼, ਦਿੱਲੀ ਡੇਅਰਡੇਵਿਲਜ਼ (ਹੁਣ ਦਿੱਲੀ ਕੈਪੀਟਲਜ਼) ਅਤੇ ਰਾਇਲ ਚੈਲੰਜਰਜ਼ ਬੰਗਲੌਰ ਲਈ ਖੇਡਿਆ। ਉਹ ਗੁਜਰਾਤ ਟਾਈਟਨਜ਼ ਟੀਮ ਦਾ ਹਿੱਸਾ ਸੀ ਜਿਸ ਨੇ 2022 ਵਿਚ ਖ਼ਿਤਾਬ ਜਿੱਤਿਆ ਸੀ ਪਰ ਉਦੋਂ ਕੋਈ ਮੈਚ ਨਹੀਂ ਖੇਡਿਆ ਸੀ। ਆਈ.ਪੀ.ਐੱਲ. ਵਿਚ ਉਸ ਨੇ 41 ਮੈਚਾਂ ਵਿਚ 121 ਦੇ ਸਟ੍ਰਾਈਕ ਰੇਟ ਨਾਲ 511 ਦੌੜਾਂ ਬਣਾਈਆਂ। ਹਾਲ ਹੀ ਵਿਚ, ਉਸ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਪੰਜਾਬ ਲਈ ਇਕ ਮੈਚ ਖੇਡਿਆ। ਭਾਰਤੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਗੁਰਕੀਰਤ ਹੁਣ ਵਿਦੇਸ਼ੀ ਟੀ-20 ਲੀਗ ‘ਚ ਆਪਣੀ ਕਿਸਮਤ ਅਜ਼ਮਾ ਸਕਦਾ ਹੈ।

Add a Comment

Your email address will not be published. Required fields are marked *