ਜਾਤੀ ਮਰਦਮਸ਼ੁਮਾਰੀ ਇੱਕ ਕ੍ਰਾਂਤੀਕਾਰੀ ਕਦਮ : ਰਾਹੁਲ ਗਾਂਧੀ

ਸਤਨਾ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਾਤੀ ਆਧਾਰਿਤ ਮਰਦਮਸ਼ੁਮਾਰੀ ਇਕ ਕ੍ਰਾਂਤੀਕਾਰੀ ਕਦਮ ਹੈ, ਜੋ ਲੋਕਾਂ ਦੇ ਜੀਵਨ ਨੂੰ ਬਦਲ ਦੇਵੇਗਾ। ਜੇ ਕਾਂਗਰਸ ਸੱਤਾ ਵਿਚ ਆਉਂਦੀ ਹੈ ਤਾਂ ਮੱਧ ਪ੍ਰਦੇਸ਼ ਦੇ ਨਾਲ-ਨਾਲ ਰਾਸ਼ਟਰੀ ਪੱਧਰ ’ਤੇ ਵੀ ਇਹ ਮਰਦਮਸ਼ੁਮਾਰੀ ਕਰਵਾਈ ਜਾਵੇਗੀ। ਉਹ ਸ਼ੁੱਕਰਵਾਰ ਮੱਧ ਪ੍ਰਦੇਸ਼ ਦੇ ਸਤਨਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਵਧਦੀ ਬੇਰੁਜ਼ਗਾਰੀ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਮੱਧ ਪ੍ਰਦੇਸ਼ ’ਚ ਕਾਂਗਰਸ ਦੇ ਸੱਤਾ ’ਚ ਆਉਣ ਤੋਂ ਬਾਅਦ ਪਹਿਲਾ ਕੰਮ ਸੂਬੇ ’ਚ ਹੋਰ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਦੀ ਸਹੀ ਗਿਣਤੀ ਜਾਣਨ ਲਈ ਜਾਤੀ ਆਧਾਰਿਤ ਮਰਦਮਸ਼ੁਮਾਰੀ ਕਰਾਉਣੀ ਹੋਵੇਗੀ।

ਉਨ੍ਹਾਂ ਇਸ ਅਭਿਆਸ ਨੂੰ ਲੋਕਾਂ ਲਈ ਇਨਕਲਾਬੀ ਅਤੇ ਜੀਵਨ ਬਦਲਣ ਵਾਲਾ ਕਦਮ ਦੱਸਿਆ। ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਇਹ ਕਹਿੰਦੇ ਸਨ ਕਿ ਉਹ ਓ. ਬੀ. ਸੀ. ਹਨ ਪਰ ਕਾਂਗਰਸ ਵੱਲੋਂ ਦੇਸ਼ ਵਿੱਚ ਜਾਤੀ ਮਰਦਮਸ਼ੁਮਾਰੀ ਕਰਵਾਉਣ ਦਾ ਮੁੱਦਾ ਉਠਾਉਣ ਦੇ ਤੁਰੰਤ ਬਾਅਦ ਉਨ੍ਹਾਂ ਇਸ ਬਾਰੇ ਗੱਲ ਕਰਨੀ ਬੰਦ ਕਰ ਦਿੱਤੀ। ਮੱਧ ਪ੍ਰਦੇਸ਼ ’ਚ 53 ਆਈ. ਏ. ਐੱਸ. ਅਧਿਕਾਰੀਆਂ ਵਿੱਚੋਂ ਸਿਰਫ਼ ਇੱਕ ਓ. ਬੀ. ਸੀ. ਹੈ। ਇਸ ਦਾ ਮਤਲਬ ਹੈ ਕਿ ਜੇ ਸੂਬੇ ਦਾ ਕੁੱਲ ਬਜਟ 100 ਰੁਪਏ ਹੈ ਤਾਂ ਓ. ਬੀ. ਸੀ. ਅਫ਼ਸਰ ਦਾ ਸਿਰਫ਼ 33 ਪੈਸੇ ’ਤੇ ਹੀ ਕੰਟਰੋਲ ਹੈ।

ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮੱਧ ਪ੍ਰਦੇਸ਼ ਵਿੱਚ ਪਿਛਲੇ 18 ਸਾਲਾਂ ਵਿੱਚ ਕਰਜ਼ੇ ਦੀਆਂ ਮੁਸ਼ਕਲਾਂ ਕਾਰਨ ਲਗਭਗ 18,000 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਬੇਰੁਜ਼ਗਾਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਨੇ ਛੋਟੇ ਵਪਾਰੀਆਂ ’ਤੇ ਹਮਲਾ ਕੀਤਾ ਹੈ। ਇਸ ਨਾਲ ਦੇਸ਼ ਵਿਚ ਵੱਡੇ ਪੱਧਰ ’ਤੇ ਬੇਰੁਜ਼ਗਾਰੀ ਪੈਦਾ ਹੋ ਗਈ ਹੈ। ਕੇਂਦਰ ਦੀ ਫ਼ਸਲ ਬੀਮਾ ਯੋਜਨਾ ’ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਪੈਸਾ ਲੋਕਾਂ ਦੀਆਂ ਜੇਬਾਂ ’ਚੋਂ ਕੱਢ ਕੇ 16 ਬੀਮਾ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਹੈ। ਇਨ੍ਹਾਂ ਕੰਪਨੀਆਂ ਵਿੱਚ ਦਲਿਤ, ਓ. ਬੀ. ਸੀ. ਅਤੇ ਆਦਿਵਾਸੀ ਭਾਈਚਾਰਿਆਂ ਦਾ ਕੋਈ ਵੀ ਵਿਅਕਤੀ ਕੰਮ ਨਹੀਂ ਕਰਦਾ।

Add a Comment

Your email address will not be published. Required fields are marked *