ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਮਨਾਈ ਦੀਵਾਲੀ

ਵਾਸ਼ਿੰਗਟਨ : ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਦੀਵਾਲੀ ਦਾ ਤਿਉਹਾਰ ਮਨਾਇਆ ਅਤੇ ਇਸ ਦੌਰਾਨ ਉਨ੍ਹਾਂ ਨੇ ਮਹਿਮਾਨਾਂ ਨੂੰ ਕਿਹਾ ਕਿ ਰੌਸ਼ਨੀ ਦੇ ਇਸ ਤਿਉਹਾਰ ਨੂੰ ਮਨਾਉਣਾ ਮਹੱਤਵਪੂਰਨ ਹੈ ਕਿਉਂਕਿ ਅੱਜ ਦੁਨੀਆ ਇਜ਼ਰਾਈਲ ਅਤੇ ਹਮਾਸ ਵਿਚ ਜੰਗ  ਕਾਰਨ ‘ਮੁਸ਼ਕਿਲ ਅਤੇ ਹਨੇਰੇ’ ਦੇ ਦੌਰ ਵਿਚੋਂ ਲੰਘ ਰਹੀ ਹੈ। ਭਾਰਤੀ ਮੂਲ ਦੀ 59 ਸਾਲਾ ਹੈਰਿਸ ਨੇ ਮੰਗਲਵਾਰ ਨੂੰ ਆਪਣੀ ਰਿਹਾਇਸ਼ ‘ਤੇ ਦੀਵਾਲੀ ਦਾ ਤਿਉਹਾਰ ਮਨਾਇਆ। 

ਆਪਣੇ ਭਾਰਤੀ-ਅਮਰੀਕੀ ਮਹਿਮਾਨਾਂ ਨੂੰ ਸੰਬੋਧਿਤ ਕਰਦੇ ਹੋਏ ਹੈਰਿਸ ਨੇ ਕਿਹਾ,“ਅਸੀਂ ਦੀਵਾਲੀ ਅਜਿਹੇ ਸਮੇਂ ਮਨਾ ਰਹੇ ਹਾਂ ਜਦੋਂ ਦੁਨੀਆ ਵਿੱਚ ਬਹੁਤ ਕੁਝ ਹੋ ਰਿਹਾ ਹੈ। ਅਜਿਹੇ ਵਿੱਚ ਇਸ ਤਿਉਹਾਰ ਦੀ ਮਹੱਤਤਾ ਨੂੰ ਸਮਝਣਾ ਜ਼ਰੂਰੀ ਹੈ। ਦੀਵਾਲੀ ਦਾ ਤਿਉਹਾਰ ਰੌਸ਼ਨੀ ਅਤੇ ਹਨੇਰੇ ਵਿਚਲੇ ਫਰਕ ਨੂੰ ਸਮਝਾਉਂਦਾ ਹੈ।” ਉਨ੍ਹਾਂ ਕਿਹਾ,”ਇਜ਼ਰਾਈਲ ਅਤੇ ਗਾਜ਼ਾ ਤੋਂ ਆ ਰਹੀਆਂ ਖ਼ਬਰਾਂ ਨੂੰ ਦੇਖਦੇ ਹੋਏ ਇਹ ਸਾਫ ਹੈ ਕਿ ਅਸੀਂ ਇਕ ਮੁਸ਼ਕਲ ਅਤੇ ਹਨੇਰੇ ਦੇ ਦੌਰ ‘ਚੋਂ ਗੁਜ਼ਰ ਰਹੇ ਹਾਂ। ਇਹ ਨਿਸ਼ਚਿਤ ਤੌਰ ‘ਤੇ ਸਾਡੇ ਸਾਰਿਆਂ ਲਈ ਅਤੇ ਮੇਰੇ ਅਤੇ ਡੱਗ (ਉਸ ਦੇ ਪਤੀ) ਲਈ ਦਿਲ ਦਹਿਲਾਉਣ ਵਾਲਾ ਹੈ।” ਹੈਰਿਸ ਨੇ ਅੱਗੇ ਕਿਹਾ, “ਮੈਂ ਸਾਰਿਆਂ ਨੂੰ ਇਹ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਰਾਸ਼ਟਰਪਤੀ ਬਾਈਡੇਨ ਅਤੇ ਮੈਂ ਇਜ਼ਰਾਈਲ ਦੇ ਸਵੈ-ਰੱਖਿਆ ਦੇ ਅਧਿਕਾਰਾਂ ਦਾ ਸਮਰਥਨ ਕਰਦੇ ਹਾਂ। ਅਸੀਂ ਗਾਜ਼ਾ ਵਿੱਚ ਲੋਕਾਂ ਨੂੰ ਮਾਨਵਤਾਵਾਦੀ ਸਹਾਇਤਾ ਦਾ ਵੀ ਸਮਰਥਨ ਕਰਦੇ ਹਾਂ। 

ਸਾਡਾ ਮੰਨਣਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਫਲਸਤੀਨ ਅਤੇ ਹਮਾਸ ਵਿਚਕਾਰ ਅੰਤਰ ਨੂੰ ਸਮਝੀਏ। ਸਾਡੀ ਤਰਜੀਹ ਅਮਰੀਕੀ ਬੰਧਕਾਂ ਨੂੰ ਰਿਹਾਅ ਕਰਵਾਉਣਾ ਅਤੇ ਵਾਪਸ ਲਿਆਉਣਾ ਹੈ ਅਤੇ ਉਸ ਖੇਤਰ ਵਿੱਚ ਤਣਾਅ ਨੂੰ ਵਧਣ ਤੋਂ ਰੋਕਣਾ ਹੈ। ਉਸਨੇ ਕਿਹਾ, “ਮੈਂ ਪਹਿਲਾਂ ਵੀ ਕਿਹਾ ਹੈ ਅਤੇ ਦੁਬਾਰਾ ਕਹਿਣਾ ਚਾਹੁੰਦੀ ਹਾਂ ਕਿ ਫਲਸਤੀਨੀ ਲੋਕਾਂ ਨੂੰ ਸਵੈ-ਨਿਰਣੇ ਦਾ ਅਧਿਕਾਰ ਹੈ ਅਤੇ ਉਨ੍ਹਾਂ ਨਾਲ ਜ਼ਿੰਦਗੀ ਜਿਊਣ ਦਾ ਅਧਿਕਾਰ ਹੈ। ਇਸ ਮੌਕੇ  ਉਪ ਰਾਸ਼ਟਰਪਤੀ ਨੇ ਚੁਣੇ ਗਏ ਭਾਰਤੀ ਅਮਰੀਕੀ ਸੰਸਦ ਮੈਂਬਰਾਂ ਰੋ ਖੰਨਾ, ਸ਼੍ਰੀ ਥਾਣੇਦਾਰ, ਰਾਜਾ ਕ੍ਰਿਸ਼ਨਾਮੂਰਤੀ ਅਤੇ ਪ੍ਰਮਿਲਾ ਜੈਪਾਲ ਨਾਲ ਗੱਲਬਾਤ ਕੀਤੀ। ਪਿਛਲੀ ਵਾਰ ਵੀ ਉਨ੍ਹਾਂ ਨੇ ਬੁਲਾਏ ਮਹਿਮਾਨਾਂ ਨਾਲ ਗੱਲਬਾਤ ਕੀਤੀ ਸੀ। ਹੈਰਿਸ ਦੇ ਸਮਾਗਮ ਤੋਂ ਪਹਿਲਾਂ ਕਈ ਸਮੂਹਾਂ ਨੇ ਇਸ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ।

Add a Comment

Your email address will not be published. Required fields are marked *