ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਤੋਂ ਬਾਅਦ ਪੁਰਤਗਾਲ ‘ਚ ਦੇ PM ਨੇ ਦਿੱਤਾ ਅਸਤੀਫ਼ਾ

ਪੁਰਤਗਾਲ ‘ਚ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਪੀਐੱਮ ਕੋਸਟਾ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਭ੍ਰਿਸ਼ਟਾਚਾਰ ਦੀ ਵਿਆਪਕ ਜਾਂਚ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਸਤੀਫ਼ਾ ਦੇ ਰਹੇ ਹਨ। ਫਿਲਹਾਲ ਦੇਸ਼ ਦੇ ਰਾਸ਼ਟਰਪਤੀ ਨੇ ਪੀਐੱਮ ਕੋਸਟਾ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਮੀਦ ਹੈ ਕਿ ਕੋਸਟਾ ਦਾ ਅਸਤੀਫ਼ਾ ਰਾਸ਼ਟਰਪਤੀ ਮਾਰਸੇਲੋ ਰੇਬੇਲੋ ਡੀ ਸੂਸਾ ਸਵੀਕਾਰ ਕਰ ਲੈਣਗੇ।

ਕੋਸਟਾ ਦੀ ਹੈਰਾਨੀਜਨਕ ਘੋਸ਼ਣਾ ਪੁਰਤਗਾਲੀ ਪੁਲਸ ਦੁਆਰਾ ਭ੍ਰਿਸ਼ਟਾਚਾਰ ਦੀ ਵਿਆਪਕ ਜਾਂਚ ਦੇ ਹਿੱਸੇ ਵਜੋਂ ਕਈ ਜਨਤਕ ਇਮਾਰਤਾਂ ਅਤੇ ਹੋਰ ਸੰਪਤੀਆਂ ‘ਤੇ ਛਾਪੇਮਾਰੀ ਕਰਕੇ ਉਨ੍ਹਾਂ ਦੇ ਚੀਫ਼ ਆਫ਼ ਸਟਾਫ਼ ਨੂੰ ਗ੍ਰਿਫ਼ਤਾਰ ਕਰਨ ਤੋਂ ਕੁਝ ਘੰਟਿਆਂ ਬਾਅਦ ਆਈ ਹੈ। ਕੋਸਟਾ (62) ਨੇ ਇਕ ਰਾਸ਼ਟਰੀ ਟੈਲੀਵਿਜ਼ਨ ਸੰਬੋਧਨ ‘ਚ ਕਿਹਾ, “ਇਨ੍ਹਾਂ ਹਾਲਾਤ ‘ਚ ਸਪੱਸ਼ਟ ਤੌਰ ‘ਤੇ ਮੈਂ ਰਾਸ਼ਟਰਪਤੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ।

ਸੋਸ਼ਲਿਸਟ ਪਾਰਟੀ ਦੇ ਨੇਤਾ ਕੋਸਟਾ, ਜੋ ਕਿ 2015 ਤੋਂ ਪੁਰਤਗਾਲ ਦੇ ਪ੍ਰਧਾਨ ਮੰਤਰੀ ਹਨ, ਨੇ ਆਪਣੀ ਬੇਗੁਨਾਹੀ ਲਈ ਪੱਖ ਰੱਖਿਆ ਤੇ ਸਾਲਾਂ ਤੋਂ ਉਨ੍ਹਾਂ ਦੇ ਸਮਰਥਨ ਲਈ ਆਪਣੇ ਪਰਿਵਾਰ ਦਾ ਧੰਨਵਾਦ ਕਰਦਿਆਂ ਰੋ ਪਏ। ਉਨ੍ਹਾਂ ਕਿਹਾ ਕਿ ਮੈਨੂੰ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ, “ਜੇਕਰ ਕੋਈ ਸ਼ੱਕ ਹੈ ਤਾਂ ਨਿਆਇਕ ਅਧਿਕਾਰੀ ਉਨ੍ਹਾਂ ਦੀ ਜਾਂਚ ਕਰਨ ਲਈ ਆਜ਼ਾਦ ਹਨ, ਮੈਂ ਕਾਨੂੰਨ ਤੋਂ ਉੱਪਰ ਨਹੀਂ ਹਾਂ।” ਦੱਸ ਦੇਈਏ ਕਿ ਪੀਐੱਮ ਐਂਟੋਨੀਓ ਕੋਸਟਾ ਭਾਰਤੀ ਮੂਲ ਦੇ ਹਨ। ਉਨ੍ਹਾਂ ਦੇ ਦਾਦਾ ਗੋਆ ਦੇ ਵਸਨੀਕ ਸਨ ਤੇ ਅਜੇ ਵੀ ਗੋਆ ਦੇ ਮਾਰਗੋ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਰਹਿੰਦੇ ਹਨ। ਹਾਲਾਂਕਿ, ਕੋਸਟਾ ਖੁਦ ਅਫਰੀਕੀ ਦੇਸ਼ ਮੋਜ਼ਾਮਬੀਕ ਵਿੱਚ ਪੈਦਾ ਹੋਏ ਸਨ।

Add a Comment

Your email address will not be published. Required fields are marked *