ਆਸਟ੍ਰੇਲੀਆ : ਡਾਇਨਿੰਗ ਏਰੀਆ ‘ਚ ਦਾਖਲ ਹੋਈ ਕਾਰ

ਮੈਲਬੌਰਨ– ਆਸਟ੍ਰੇਲੀਆ ਵਿੱਚ ਇੱਕ ਪੱਬ ਦੇ ਬਾਹਰ ਇੱਕ ਡਾਇਨਿੰਗ ਏਰੀਆ ਵਿੱਚ ਇੱਕ ਕਾਰ ਦਾਖਲ ਹੋ ਗਈ, ਜਿਸ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ ਡਰਾਈਵਰ ਸਮੇਤ 6 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਸ਼ਾਮ ਨੂੰ ਮੈਲਬੌਰਨ ਦੇ ਉੱਤਰ-ਪੱਛਮ ‘ਚ ਡੇਲਸਫੋਰਡ ਦੇ ਪੇਂਡੂ ਖੇਤਰ ‘ਚ ਭੀੜ-ਭੜੱਕੇ ਵਾਲੇ ਰਾਇਲ ਡੇਲਸਫੋਰਡ ਹੋਟਲ ਦੇ ‘ਬੀਅਰ ਗਾਰਡਨ’ ‘ਚ ਵਾਪਰੀ। 

BMW SUV ਦੇ 66 ਸਾਲਾ ਡਰਾਈਵਰ ਨੂੰ ਘਟਨਾ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਵਿਕਟੋਰੀਆ ਪੁਲਸ ਦੇ ਚੀਫ਼ ਕਮਿਸ਼ਨਰ ਸ਼ੇਨ ਪੈਟਨ ਨੇ ਕਿਹਾ ਕਿ ਘਟਨਾ ਵਿੱਚ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਹ ਪੁਲਸ ਦੀ ਨਿਗਰਾਨੀ ਹੇਠ ਹੈ। ਪੁਲਸ ਦੇ ਜਾਂਚ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਾਰ ਅਚਾਨਕ ਮੋੜ ਲੈ ਕੇ ਸੜਕ ਦੇ ਕਿਨਾਰੇ ਖੁੱਲ੍ਹੇ ਖਾਣੇ ਵਾਲੇ ਖੇਤਰ ਵਿੱਚ ਕਿਵੇਂ ਦਾਖਲ ਹੋਈ। ਡਰਾਈਵਰ ਵੱਲੋਂ ਸ਼ਰਾਬ ਪੀਣ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਹੋਰ ਪਾਬੰਦੀਸ਼ੁਦਾ ਪਦਾਰਥਾਂ ਦੇ ਸੇਵਨ ਦੀ ਜਾਂਚ ਕਰਨ ਲਈ ਉਸ ਦੇ ਖੂਨ ਦੇ ਨਮੂਨੇ ਦੀ ਜਾਂਚ ਕੀਤੀ ਜਾ ਰਹੀ ਹੈ। 

ਪੁਲਸ ਨੇ ਦੱਸਿਆ ਕਿ ਇਸ ਹਾਦਸੇ ‘ਚ ਇਕ ਲੜਕੇ, 30 ਸਾਲ ਦੇ ਕਰੀਬ ਦੋ ਪੁਰਸ਼ ਅਤੇ 40 ਸਾਲ ਦੀ ਇਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖਮੀ ਨੌਜਵਾਨ ਨੂੰ ਮੈਲਬੌਰਨ ਹਸਪਤਾਲ ਲਿਜਾਇਆ ਗਿਆ ਜਿੱਥੇ ਐਤਵਾਰ ਰਾਤ ਉਸ ਦੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖ਼ਮੀ ਹੋਏ ਦੋ ਬੱਚਿਆਂ, ਜਿਨ੍ਹਾਂ ਦੀ ਉਮਰ 11 ਮਹੀਨੇ ਅਤੇ ਕਰੀਬ ਛੇ ਸਾਲ ਹੈ, ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸੋਮਵਾਰ ਨੂੰ ਮੈਲਬੌਰਨ ਦੇ ਇੱਕ ਹਸਪਤਾਲ ਵਿੱਚ ਇੱਕ 35 ਸਾਲਾ ਔਰਤ ਸਮੇਤ ਤਿੰਨ ਬਾਲਗ ਅਜੇ ਵੀ ਇੰਟੈਂਸਿਵ ਕੇਅਰ ਯੂਨਿਟ ਵਿੱਚ ਇਲਾਜ ਅਧੀਨ ਸਨ। ਪੈਟਨ ਨੇ ਕਿਹਾ ਕਿ ਪੁਲਸ ਅਜੇ ਤੱਕ ਡਰਾਈਵਰ ਤੋਂ ਪੁੱਛਗਿੱਛ ਕਰਨ ਦੇ ਯੋਗ ਨਹੀਂ ਹੈ। ਜਾਂਚ ਅਧਿਕਾਰੀ ਅਜੇ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਹਾਦਸੇ ਦਾ ਕਾਰਨ ਵਾਹਨ ਦੀ ਤੇਜ਼ ਰਫਤਾਰ ਸੀ ਜਾਂ ਨਹੀਂ।

Add a Comment

Your email address will not be published. Required fields are marked *