ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਨੇ ਕੱਸਿਆ ਸ਼ਿਕੰਜਾ

ਜਲੰਧਰ–ਘਰੇਲੂ ਖ਼ਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਹੋਣ ਦੇ ਬਾਵਜੂਦ ਬਿਜਲੀ ਚੋਰੀ ਰੁਕਣ ਦਾ ਨਾਂ ਨਹੀਂ ਲੈ ਰਹੀ, ਜਿਸ ਕਾਰਨ ਪਾਵਰਕਾਮ ਦੇ ਹੈੱਡ ਆਫਿਸ ਵੱਲੋਂ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸੇ ਦੇ ਮੱਦੇਨਜ਼ਰ ਨਾਰਥ ਜ਼ੋਨ ਜਲੰਧਰ ਵੱਲੋਂ ‘ਸਟਾਪ ਥੈਫਟ’ ਮਿਸ਼ਨ ਸ਼ੁਰੂ ਕਰਦੇ ਹੋਏ 79 ਖ਼ਪਤਕਾਰਾਂ ਨੂੰ 10.7 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਠੋਕਿਆ ਗਿਆ ਹੈ।

‘ਸਟਾਪ ਥੈਫਟ’ ਮਿਸ਼ਨ ਤਹਿਤ ਕਾਰਵਾਈ ਕਰਨ ਲਈ ਜਲੰਧਰ ਸਰਕਲ ਦੀਆਂ 5 ਡਿਵੀਜ਼ਨਾਂ ਵਿਚ 17 ਟੀਮਾਂ ਦਾ ਗਠਨ ਕੀਤਾ ਗਿਆ। ਚੀਫ਼ ਇੰਜੀ. ਆਰ. ਐੱਲ. ਸਾਰੰਗਲ ਦੇ ਹੁਕਮਾਂ ’ਤੇ ਉਕਤ ਟੀਮਾਂ ਤੋਂ ਸਵੇਰੇ ਤੜਕਸਾਰ ਅਚਾਨਕ ਚੈਕਿੰਗ ਕਰਵਾਉਂਦੇ ਹੋਏ 998 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ। ਜਾਂਚ ਵਿਚ ਵਿਸ਼ੇਸ਼ ਤੌਰ ’ਤੇ ਘਰੇਲੂ ਕੁਨੈਕਸ਼ਨਾਂ ’ਤੇ ਫੋਕਸ ਕੀਤਾ ਗਿਆ। ਡਿਪਟੀ ਚੀਫ ਇੰਜੀਨੀਅਰ ਅਤੇ ਸਰਕਲ ਹੈੱਡ ਗੁਲਸ਼ਨ ਚੁਟਾਨੀ ਦੀ ਪ੍ਰਧਾਨਗੀ ਵਿਚ ਹੋਈ ਇਸ ਕਾਰਵਾਈ ਵਿਚ ਸਿੱਧੀ ਕੁੰਡੀ ਲਾਉਣ ਸਬੰਧੀ 27 ਕੇਸ ਫੜੇ ਗਏ, ਜਿਨ੍ਹਾਂ ਨੂੰ 6.05 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਉਥੇ ਹੀ, 42 ਕੇਸਾਂ ਵਿਚ 3.7 ਲੱਖ, ਜਦਕਿ ਬਿਜਲੀ ਦਾ ਗਲਤ ਵਰਤੋਂ ਕਰਨ ਦੇ ਕੇਸਾਂ ਵਿਚ 1 ਲੱਖ ਦੇ ਲਗਭਗ ਜੁਰਮਾਨਾ ਕੀਤਾ ਗਿਆ।

ਛਾਪੇਮਾਰੀ ਟੀਮਾਂ ਨੂੰ ਅਸਿਸਟੈਂਟ ਸੁਪਰਿੰਟੈਂਡੈਂਟ ਇੰਜੀ. ਜਸਪਾਲ ਸਿੰਘ ਪਾਲ ਵੱਲੋਂ ਲੀਡ ਕੀਤਾ ਗਿਆ। ਟੀਮਾਂ ਵੱਲੋਂ ਅਰਜੁਨ ਨਗਰ, ਅੰਬਿਕਾ ਕਾਲੋਨੀ, ਗੋਬਿੰਦ ਮੁਹੱਲਾ, ਉਦੈ ਨਗਰ, ਕਾਦੀਆਂ, ਤਿਲਕ ਨਗਰ, ਪੰਨੂ ਵਿਹਾਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਅਲੀ ਮੁਹੱਲਾ, ਚਰਚਾ ਕਾਲੋਨੀ, ਥਿੰਦ ਐਨਕਲੇਵ, ਅਵਤਾਰ ਨਗਰ ਦੇ ਇਲਾਕਿਆਂ ਵਿਚ ਬਿਜਲੀ ਚੋਰੀ ਅਤੇ ਹੋਰ ਮਹੱਤਵਪੂਰਨ ਕੇਸ ਫੜੇ ਗਏ ਹਨ।
ਇੰਜੀ. ਚੁਟਾਨੀ ਨੇ ਦੱਸਿਆ ਕਿ ਮਨਜ਼ੂਰਸ਼ੁਦਾ ਲੋਡ ਤੋਂ ਜ਼ਿਆਦਾ ਲੋਡ ਚਲਾਉਣ ਵਾਲੇ 40 ਖ਼ਪਤਕਾਰਾਂ ਨੂੰ 1.18 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਮੁਫ਼ਤ ਬਿਜਲੀ ਦੀ ਗਲਤ ਵਰਤੋਂ ਕਰਨ ਵਾਲੇ ਖ਼ਪਤਕਾਰਾਂ ਖ਼ਿਲਾਫ਼ ਯੂ. ਈ. ਈ. ਦੇ ਕੇਸ ਬਣਾ ਕੇ ਬਣਦੀ ਕਾਰਵਾਈ ਕੀਤੀ ਗਈ ਹੈ। ਵਿਭਾਗ ਵੱਲੋਂ ਬਿਜਲੀ ਚੋਰੀ ਵਿਚ ਵਰਤੋਂ ਕੀਤੇ ਜਾਣ ਵਾਲੇ ਉਪਕਰਨਾਂ ਅਤੇ ਹੋਰ ਸਾਮਾਨ ਨੂੰ ਜ਼ਬਤ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਨੇ ਕਿਹਾ ਕਿ ਵੱਧ ਲੋਡ ਵਰਤਣ ਦੇ ਕੇਸ ਵਧ ਰਹੇ ਹਨ ਜੋ ਕਿ ਨਿਯਮਾਂ ਦੇ ਉਲਟ ਹੈ। ਸ਼ਨੀਵਾਰ ਹੋਈ ਚੈਕਿੰਗ ਦੌਰਾਨ ਵੱਖ-ਵੱਖ ਇਲਾਕਿਆਂ ਵਿਚ ਵੱਧ ਲੋਡ ਸਬੰਧੀ ਕੇਸ ਵੱਡੀ ਗਿਣਤੀ ਵਿਚ ਫੜੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੈਂਕਸ਼ਨ ਲੋਡ ਤੋਂ ਵੱਧ ਲੋਡ ਚਲਾਉਣ ਵਾਲੇ ਖ਼ਪਤਕਾਰਾਂ ਕਾਰਨ ਫੀਡਰ ਦੇ ਸਹੀ ਲੋਡ ਦਾ ਪਤਾ ਨਹੀਂ ਲੱਗਦਾ। ਇਸ ਕਾਰਨ ਫੀਡਰਾਂ ਵਿਚ ਟ੍ਰਿਪਿੰਗ, ਫਾਲਟ ਪੈਣ ਅਤੇ ਲੋਅ ਵੋਲਟੇਜ ਵਰਗੀਆਂ ਸਮੱਸਿਆਵਾਂ ਰਹਿੰਦੀਆਂ ਹਨ।

ਨਾਰਥ ਜ਼ੋਨ ਦੇ ਚੀਫ਼ ਇੰਜੀ. ਆਰ. ਐੱਲ. ਸਾਰੰਗਲ ਨੇ ਕਿਹਾ ਕਿ ਹਰੇਕ ਖ਼ਪਤਕਾਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਇਸਦੇ ਬਾਵਜੂਦ ਬਿਜਲੀ ਚੋਰੀ ਵਰਗਾ ਜੁਰਮ ਸਮਝ ਤੋਂ ਪਰ੍ਹੇ ਹੈ। ਵਿਭਾਗੀ ਹਦਾਇਤਾਂ ਦੇ ਮੱਦੇਨਜ਼ਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਮੁਹਿੰਮ ਜਾਰੀ ਹੈ। ਬਿਜਲੀ ਚੋਰੀ ਰੋਕਣ ’ਤੇ ਫੋਕਸ ਕੀਤਾ ਜਾ ਰਿਹਾ ਹੈ।

Add a Comment

Your email address will not be published. Required fields are marked *