ਵਿਦੇਸ਼ ਭੇਜਣ ਦੇ ਨਾਂ ’ਤੇ 40 ਲੱਖ ਰੁਪਏ ਦੀ ਠੱਗੀ

ਜਲੰਧਰ – ਵਿਦੇਸ਼ ਭੇਜਣ ਦੇ ਨਾਂ ’ਤੇ 40 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਰਾਮਾ ਮੰਡੀ ਵਿਚ 3 ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਅਤੁਲ ਕਪਿਲਾ ਪੁੱਤਰ ਰਵਿੰਦਰ ਕਪਿਲਾ ਨਿਵਾਸੀ ਮੋਹਨ ਵਿਹਾਰ ਨੇ ਦਵਿੰਦਰ ਸਿੰਘ ਸੈਣੀ, ਮਨਪ੍ਰੀਤ ਕੌਰ ਅਤੇ ਦਿਲਬਾਗ ਸਿੰਘ ਖ਼ਿਲਾਫ਼ ਦੋਸ਼ ਲਾਏ ਕਿ ਦਵਿੰਦਰ ਸਿੰਘ ਸੈਣੀ ਉਸਦਾ ਬਚਪਨ ਦਾ ਦੋਸਤ ਹੈ ਅਤੇ ਉਨ੍ਹਾਂ ਦਾ ਇਕ-ਦੂਜੇ ਦੇ ਘਰ ਆਉਣ-ਜਾਣ ਹੈ। ਮਨਪ੍ਰੀਤ ਕੌਰ ਅਤੇ ਦਿਲਬਾਗ ਸਿੰਘ ਦਵਿੰਦਰ ਸਿੰਘ ਸੈਣੀ ਦੇ ਰਿਸ਼ਤੇਦਾਰ ਹਨ।

ਸਾਲ 2021 ਵਿਚ ਅਤੁਲ ਦਾ ਦੁਬਈ ਵਿਚ ਕੰਮਕਾਜ ਨਾ ਹੋਣ ਕਾਰਨ ਉਹ ਭਾਰਤ ਮੁੜ ਆਇਆ ਸੀ। ਦਸੰਬਰ 2021 ਵਿਚ ਇਨ੍ਹਾਂ ਲੋਕਾਂ ਨੇ ਉਸਨੂੰ ਕੈਨੇਡਾ ਵਿਚ ਸੈੱਟ ਕਰਵਾਉਣ ਦਾ ਝਾਂਸਾ ਦਿੱਤਾ। ਤਿੰਨਾਂ ਦੀਆਂ ਗੱਲਾਂ ਵਿਚ ਆ ਕੇ ਪੈਸੇ ਫਾਈਨਾਂਸ ਵਿਚ ਲੁਆ ਦਿੱਤੇ, ਜਿਸ ਤਹਿਤ ਵਿਆਜ ਵਿਚ ਉਸਦੀ ਆਮਦਨ ਵੀ ਵਧਦੀ ਜਾਵੇਗੀ। ਇਨ੍ਹਾਂ ਲੋਕਾਂ ਦੇ ਝਾਂਸੇ ਵਿਚ ਆ ਕੇ ਉਸਨੇ ਦਵਿੰਦਰ ਸਿੰਘ ਸੈਣੀ ਦੇ ਖਾਤੇ ਵਿਚ 6 ਲੱਖ 50 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਅਤੁਲ ਕੋਲੋਂ ਕੁਝ ਦਸਤਖਤ ਕੀਤੇ ਚੈੱਕ ਲੈ ਲਏ ਅਤੇ ਉਨ੍ਹਾਂ ਨੂੰ ਪ੍ਰਾਈਵੇਟ ਫਾਈਨਾਂਸਰਾਂ ਕੋਲ ਗਿਰਵੀ ਰੱਖ ਕੇ ਲੋਨ ਲੈ ਲਿਆ। ਇਸ ਤਰ੍ਹਾਂ ਉਨ੍ਹਾਂ ਉਸ ਦੇ ਨਾਂ ’ਤੇ ਪ੍ਰਾਈਵੇਟ ਫਾਈਨਾਂਸਰਾਂ ਕੋਲੋਂ 10 ਤੋਂ 15 ਲੱਖ ਰੁਪਏ ਲੈ ਲਏ ਸਨ।

ਇਹੀ ਨਹੀਂ, ਉਕਤ ਮੁਲਜ਼ਮਾਂ ਨੇ ਉਸਦੇ ਪਰਿਵਾਰ ਨਾਲ ਜਾਣ-ਪਛਾਣ ਕਰ ਕੇ ਉਨ੍ਹਾਂ ਕੋਲੋਂ ਧੋਖੇ ਨਾਲ ਉਨ੍ਹਾਂ ਦੇ ਘਰ ਦੀ ਪੁਰਾਣੀ ਰਜਿਸਟਰੀ ਵੀ ਲੈ ਲਈ ਅਤੇ ਇਹ ਰਜਿਸਟਰੀ ਬਲਦੇਵ ਸਿੰਘ ਮੱਲ੍ਹੀ ਨਾਂ ਦੇ ਫਾਈਨਾਂਸਰ ਕੋਲ ਗਿਰਵੀ ਰੱਖ ਕੇ ਉਸ ’ਤੇ 23.50 ਲੱਖ ਰੁਪਏ ਲੋਨ ਲੈ ਲਿਆ। ਜਦੋਂ ਉਨ੍ਹਾਂ ਨੂੰ ਫਾਈਨਾਂਸਰ ਵੱਲੋਂ ਲੋਨ ਦਾ ਨੋਟਿਸ ਆਇਆ ਤਾਂ ਉਕਤ ਲੋਕਾਂ ਨੇ ਉਸਦੀ ਮਾਤਾ ਵੱਲੋਂ ਇਕ ਫਾਈਨਾਂਸ ਕੰਪਨੀ ਦੇ ਨਾਂ ’ਤੇ ਉਸਦੇ ਘਰ ਦਾ ਮੁਖਤਿਆਰਨਾਮਾ ਕਰਵਾ ਦਿੱਤਾ ਅਤੇ ਉਸ ਕੋਲੋਂ 20 ਲੱਖ ਰੁਪਏ ਦਵਿੰਦਰ ਸੈਣੀ ਅਤੇ ਦਿਲਬਾਗ ਸਿੰਘ ਨੇ ਲੈ ਲਏ। ਇਸ ਰਕਮ ਵਿਚੋਂ ਕੁਝ ਰਕਮ ਪੁਰਾਣੇ ਫਾਈਨਾਂਸਰ ਨੂੰ ਵਾਪਸ ਦਿੱਤੀ ਗਈ ਅਤੇ ਬਾਕੀ ਆਪਣੇ ਕੋਲ ਰੱਖ ਲਈ।

ਜੁਲਾਈ 2022 ਨੂੰ ਇਨ੍ਹਾਂ ਮੁਲਜ਼ਮਾਂ ਨੇ ਉਸਨੂੰ ਝਾਂਸੇ ਵਿਚ ਲੈ ਕੇ ਉਨ੍ਹਾਂ ਦੀ ਮਾਤਾ ਦੀ ਪ੍ਰਾਪਰਟੀ ਕਿਸੇ ਦੇ ਨਾਂ ਕਰ ਕੇ ਉਸ ਕੋਲੋਂ 12.50 ਲੱਖ ਰੁਪਏ ਲੈ ਲਏ। ਇਹੀ ਨਹੀਂ, ਉਕਤ ਲੋਕਾਂ ਨੇ ਉਸ ਦੇ ਨਾਂ ’ਤੇ ਇਕ ਮੋਟਰਸਾਈਕਲ ਵੀ ਫਾਈਨਾਂਸ ਕਰਵਾਇਆ ਹੋਇਆ ਹੈ, ਜਿਹੜਾ ਇਨ੍ਹਾਂ ਲੋਕਾਂ ਕੋਲ ਹੈ। ਏ. ਐੱਸ. ਆਈ. ਪਲਵਿੰਦਰ ਸਿੰਘ ਦੀ ਜਾਂਚ ਤੋਂ ਬਾਅਦ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕੀਤਾ ਗਿਆ ਹੈ। ਠੱਗੀ ਦੀ ਰਕਮ ਲਗਭਗ 35-40 ਲੱਖ ਰੁਪਏ ਦੱਸੀ ਜਾ ਰਹੀ ਹੈ। ਦਵਿੰਦਰ ਸਿੰਘ ਸੈਣੀ ਖ਼ਿਲਾਫ਼ ਪਹਿਲਾਂ ਵੀ ਵਿਦੇਸ਼ ਭੇਜਣ ਦੇ ਨਾਂ ’ਤੇ ਥਾਣਾ ਮੁਕੇਰੀਆਂ ਵਿਚ ਮਾਮਲਾ ਦਰਜ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *