ਤਿਲੰਗਾਨਾ ’ਚ ਭਾਜਪਾ ਨੂੰ ਸਿਰਫ਼ ਦੋ ਫੀਸਦ ਵੋਟਾਂ ਮਿਲਣਗੀਆਂ: ਰਾਹੁਲ

ਹੈਦਰਾਬਾਦ, 1 ਨਵੰਬਰ– ਤਿਲੰਗਾਨਾ ’ਚ ਪੱਛੜੀ ਜਾਤੀ ਦੇ ਕਿਸੇ ਆਗੂ ਨੂੰ ਮੁੱਖ ਮੰਤਰੀ ਬਣਾਉਣ ਦੇ ਵਾਅਦੇ ਨੂੰ ਲੈ ਕੇ ਭਾਜਪਾ ’ਤੇ ਤਨਜ਼ ਕਸਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸਵਾਲ ਕੀਤਾ ਕਿ ਭਾਜਪਾ ਅਜਿਹਾ ਕਿਵੇਂ ਕਰ ਸਕਦੀ ਹੈ ਕਿਉਂਕਿ ਉਸ ਨੂੰ ਬਹੁਤ ਘੱਟ ਵੋਟਾਂ ਮਿਲਣ ਵਾਲੀਆਂ ਹਨ।

ਤਿਲੰਗਾਨਾ ਦੇ ਕਲਵਾਕੁਰਥੀ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਭਾਜਪਾ ਆਗੂ ਸੂਬੇ ’ਚ ਆਪਣੀਆਂ ਸੰਭਾਵਨਾਵਾਂ ਬਾਰੇ ਸ਼ੇਖੀਆਂ ਮਾਰਦੇ ਰਹਿੰਦੇ ਹਨ ਪਰ ਕਾਂਗਰਸ ਨੇ ਸੂਬੇ ’ਚ ਭਾਜਪਾ ਦੀ ਗੱਡੀ ਦੇ ਚਾਰੇ ਟਾਇਰ ਪੰਕਚਰ ਕਰ ਦਿੱਤੇ ਹਨ। ਉਨ੍ਹਾਂ ਕਿਹਾ, ‘ਤੁਹਾਨੂੰ ਇੱਥੇ ਦੋ ਫੀਸਦ ਵੋਟਾਂ ਮਿਲਣਗੀਆਂ ਤਾਂ ਤੁਸੀਂ ਮੁੱਖ ਮੰਤਰੀ ਕਿਸ ਤਰ੍ਹਾਂ ਬਣਾ ਸਕਦੇ ਹੋ।’

ਕੇਂਦਰੀ ਗ੍ਰਹਿ ਮੰਤਰੀ ਅਮਤਿ ਸ਼ਾਹ ਨੇ ਹਾਲ ਹੀ ਵਿੱਚ ਇੱਕ ਚੋਣ ਰੈਲੀ ’ਚ ਕਿਹਾ ਸੀ ਕਿ 30 ਨਵੰਬਰ ਨੂੰ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੇ ਸੱਤਾ ’ਚ ਆਉਣ ਮਗਰੋਂ ਪੱਛੜੇ ਵਰਗ ਦੇ ਨੇਤਾ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ। ਰਾਹੁਲ ਗਾਂਧੀ ਨੇ ਵਿਅੰਗ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਜਾਣਗੇ ਅਤੇ ਕਹਿਣਗੇ ਕਿ ਉਹ ਅਮਰੀਕਾ ’ਚ ਇੱਕ ਓਬੀਸੀ ਨੂੰ ਰਾਸ਼ਟਰਪਤੀ ਬਣਾਉਣਗੇ। ਉਨ੍ਹਾਂ ਕਿਹਾ, ‘ਤੁਸੀਂ ਨਾ ਤਾਂ ਅਮਰੀਕਾ ’ਚ ਰਾਸ਼ਟਰਪਤੀ ਬਣਾ ਸਕੋਗੇ ਤੇ ਨਾ ਹੀ ਇੱਥੇ (ਤਿਲੰਗਾਨਾ ਵਿੱਚ) ਮੁੱਖ ਮੰਤਰੀ ਬਣਾ ਸਕੋਗੇ।’ ਇਸ ਮਗਰੋਂ ਜਡਚੇਰਲਾ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤਿਲੰਗਾਨਾ ’ਚ ਸੱਤਾ ’ਚ ਆਉਣ ਮਗਰੋਂ ਜਾਤੀ ਆਧਾਰਤਿ ਜਨਗਣਨਾ ਕਰਾਏਗੀ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਅਗਲੇ ਸਾਲ ਲੋਕ ਸਭਾ ਚੋਣਾਂ ਮਗਰੋਂ ਕੇਂਦਰ ’ਚ ਸੱਤਾ ਵਿੱਚ ਆਉਂਦੀ ਹੈ ਤਾਂ ਸਾਰੇ ਦੇਸ਼ ਵਿੱਚ ਵੀ ਜਾਤੀ ਜਨਗਣਨਾ ਕਰਾਈ ਜਾਵੇਗੀ।

ਇਸੇ ਦੌਰਾਨ ਤਿਲੰਗਾਨਾ ’ਚ 30 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਝਟਕਾ ਦਿੰਦਿਆਂ ਸਾਬਕਾ ਸੰਸਦ ਮੈਂਬਰ ਜੀ. ਵਿਵੇਕ ਵੈਂਕਟਾਸਵਾਮੀ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ’ਚ ਸ਼ਾਮਲ ਹੋ ਗਏ ਹਨ। 

Add a Comment

Your email address will not be published. Required fields are marked *