ਸੰਨੀ ਦਿਓਲ ਨੂੰ ਮਿਲਿਆ ਇਕ ਹੋਰ ਵੱਡਾ ਪ੍ਰਾਜੈਕਟ

ਮੁੰਬਈ – ‘ਗਦਰ 2’ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਸੰਨੀ ਦਿਓਲ ਦੀ ਕਿਸਮਤ ਵਧ ਰਹੀ ਹੈ। ਜਦੋਂ ਤੋਂ ਇਹ ਫ਼ਿਲਮ ਬਲਾਕਬਸਟਰ ਬਣੀ ਹੈ, ਅਦਾਕਾਰ ਕੋਲ ਫ਼ਿਲਮਾਂ ਦੀ ਕਤਾਰ ਲੱਗ ਗਈ ਹੈ। ਹਰ ਵੱਡਾ ਨਿਰਮਾਤਾ ਉਸ ਨਾਲ ਕੰਮ ਕਰਨਾ ਚਾਹੁੰਦਾ ਹੈ। ਸੰਨੀ ਇਨ੍ਹੀਂ ਦਿਨੀਂ ਫ਼ਿਲਮਾਂ ਦੀ ਸਕ੍ਰਿਪਟ ’ਤੇ ਵੀ ਲਗਾਤਾਰ ਕੰਮ ਕਰ ਰਹੇ ਹਨ। ਹਾਲਾਂਕਿ ਉਹ ਚੋਣ ’ਚ ਸਮਾਂ ਲੈ ਰਹੇ ਹਨ ਕਿਉਂਕਿ ਉਹ ਦਰਸ਼ਕਾਂ ਨੂੰ ਚੰਗੀ ਸਮੱਗਰੀ ਦੇਣ ’ਤੇ ਪੂਰਾ ਧਿਆਨ ਕੇਂਦਰਿਤ ਕਰਦੇ ਹਨ। ਖ਼ਬਰਾਂ ਮੁਤਾਬਕ ਉਹ ਜਲਦ ਹੀ ‘ਬਾਰਡਰ 2’ ’ਚ ਨਜ਼ਰ ਆਉਣਗੇ।

ਇਸ ਤੋਂ ਇਲਾਵਾ ਅਦਾਕਾਰ ਦੀਆਂ ਆਉਣ ਵਾਲੀਆਂ ਫ਼ਿਲਮਾਂ ਨੂੰ ਲੈ ਕੇ ਵੀ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਨੀ ਨੇ ਅੱਬਾਸ-ਮਸਤਾਨ ਨਾਲ ਐਕਸ਼ਨ ਥ੍ਰਿਲਰ ਫ਼ਿਲਮ ਸਾਈਨ ਕੀਤੀ ਹੈ। ਇਕ ਮੀਡੀਆ ਰਿਪੋਰਟ ਦੇ ਅਨੁਸਾਰ ਅਦਾਕਾਰ ਰਾਜਕੁਮਾਰ ਸੰਤੋਸ਼ੀ ਦੀ ‘ਲਾਹੌਰ 1947’ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਅੱਬਾਸ-ਮਸਤਾਨ ਵਲੋਂ ਨਿਰਦੇਸ਼ਿਤ ਇਕ ਫ਼ਿਲਮ ’ਚ ਕੰਮ ਕਰਨਗੇ।

ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਕੁਝ ਸਮੇਂ ਤੋਂ ਉਨ੍ਹਾਂ ’ਤੇ ਗੱਲਬਾਤ ਚੱਲ ਰਹੀ ਹੈ ਤੇ ਆਖਰਕਾਰ ਚੀਜ਼ਾਂ ਸਹੀ ਦਿਸ਼ਾ ’ਚ ਜਾਪਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਅੱਬਾਸ-ਮਸਤਾਨ ਆਪਣੀਆਂ ਥ੍ਰਿਲਰ ਫ਼ਿਲਮਾਂ ਲਈ ਕਾਫੀ ਮਸ਼ਹੂਰ ਹਨ।

ਜਾਣਕਾਰੀ ਮੁਤਾਬਕ ਇਸ ਐਕਸ਼ਨ ਥ੍ਰਿਲਰ ਨੂੰ ਵੱਡੇ ਪੱਧਰ ’ਤੇ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸੰਨੀ ਤੋਂ ਇਲਾਵਾ ਫ਼ਿਲਮ ’ਚ ਚਾਰ ਹੋਰ ਤਜਰਬੇਕਾਰ ਕਲਾਕਾਰ ਹੋਣਗੇ ਤੇ ਫਿਲਹਾਲ ਕਾਸਟਿੰਗ ਦੀ ਪ੍ਰਕਿਰਿਆ ਚੱਲ ਰਹੀ ਹੈ। ਇਹ ਫ਼ਿਲਮ ਵਿਸ਼ਾਲ ਰਾਣਾ ਵਲੋਂ ਬਣਾਈ ਜਾਵੇਗੀ ਤੇ ਅਗਲੇ ਸਾਲ ਦੇ ਅਖੀਰ ਤੱਕ ਰਿਲੀਜ਼ ਹੋਣ ਦੀ ਉਮੀਦ ਹੈ। ਇਹ ਪਹਿਲੀ ਵਾਰ ਹੋਵੇਗਾ, ਜਦੋਂ ਨਿਰਦੇਸ਼ਕ ਜੋੜੀ ਸੰਨੀ ਨਾਲ ਕੰਮ ਕਰੇਗੀ।

Add a Comment

Your email address will not be published. Required fields are marked *