ਲੰਡਨ ’ਚ 19 ਸਾਲਾ ਪੰਜਾਬੀ ਕੁੜੀ ਦਾ ਚਾਕੂ ਮਾਰ ਕੇ ਕਤਲ

ਬਟਾਲਾ : ਲੰਡਨ ’ਚ ਪਤੀ ਵਲੋਂ ਪਤਨੀ ਦੇ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤੇ ਜਾਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਭਰੇ ਮਨ ਨਾਲ ਮ੍ਰਿਤਕ ਦੀ ਮਾਂ ਮਧੂ ਬਾਲਾ ਪਤਨੀ ਸਵ. ਤਰਲੋਕ ਚੰਦ ਵਾਸੀ ਪਿੰਡ ਜੋਗੀ ਚੀਮਾ, ਨੇੜੇ ਕਾਦੀਆਂ ਨੇ ਦੱਸਿਆ ਮੇਰੀ 19 ਸਾਲਾ ਧੀ ਮਹਿਕ ਸ਼ਰਮਾ ਦਾ ਵਿਆਹ ਬੀਤੀ 24 ਜੂਨ 2022 ਨੂੰ ਸਾਹਿਲ ਸ਼ਰਮਾ ਪੁੱਤਰ ਲਲਿਤ ਕੁਮਾਰ ਵਾਸੀ ਨਿਊ ਸੰਤ ਨਗਰ ਗੁਰਦਾਸਪੁਰ ਨਾਲ ਹੋਇਆ ਸੀ। ਬੀਤੀ 20 ਨਵੰਬਰ 2022 ਨੂੰ ਮੇਰੀ ਧੀ ਸਟੱਡੀ ਵੀਜ਼ਾ ’ਤੇ ਲੰਡਨ ਦੇ ਸ਼ਹਿਰ ਕੋਇਰੋਡੋਨ ’ਚ ਚਲੀ ਗਈ ਸੀ ਅਤੇ ਉਪਰੰਤ ਮੇਰਾ ਜਵਾਈ ਵੀ ਸਪਾਊਸ ਵੀਜ਼ਾ ’ਤੇ ਮੇਰੀ ਕੁੜੀ ਕੋਲ ਚਲਾ ਗਿਆ। 

ਮਧੂ ਬਾਲਾ ਨੇ ਅੱਗੇ ਦੱਸਿਆ ਕਿ ਮੇਰੀ ਧੀ ਨੇ ਆਪਣਾ ਸਟੱਡੀ ਵੀਜ਼ਾ, ਵਰਕ ਪਰਮਿਟ ‘ਚ ਤਬਦੀਲ ਕਰਵਾ ਲਿਆ ਸੀ ਤੇ ਉਹ ਫ਼ੈਬੂਲਸ ਹੋਮ ਕੇਅਰ ਲਿਮਿਟਡ ‘ਚ ਕੇਅਰ ਟੇਕਰ ਦੀ ਨੌਕਰੀ ਕਰ ਰਹੀ ਸੀ।ਉਕਤ ਔਰਤ ਨੇ ਕਥਿਤ ਤੌਰ ’ਤੇ ਦੋਸ਼ ਲਗਾਉਂਦਿਆਂ ਅੱਗੇ ਦੱਸਿਆ ਕਿ ਲੰਡਨ ਜਾਣ ਉਪਰੰਤ ਮੇਰਾ ਜਵਾਈ ਅਕਸਰ ਮੇਰੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਉਸ ਦੱਸਿਆ ਕਿ ਮੈਂ ਆਪਣੀ ਕੁੜੀ ਨੂੰ ਪਿਛਲੇ ਦੋ ਦਿਨਾਂ ਤੋਂ ਫੋਨ ਕਰ ਰਹੀ ਸੀ, ਪਰ ਮੇਰਾ ਉਸ ਨਾਲ ਸੰਪਰਕ ਨਹੀਂ ਹੋ ਸੀ ਰਿਹਾ, ਜਿਸ ’ਤੇ ਬਾਅਦ ‘ਚ ਲੰਡਨ ਤੋਂ ਮੈਨੂੰ ਫੋਨ ਆਇਆ ਆਈ ਕਿ ਤੁਹਾਡੀ ਧੀ ਦੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਮਧੂ ਬਾਲਾ ਨੇ ਕਥਿਤ ਤੌਰ ’ਤੇ ਆਰੋਪ ਲਗਾਉਂਦਿਆਂ ਦੱਸਿਆ ਕਿ ਉਸਦੇ ਜਵਾਈ ਨੇ ਇਹ ਕਤਲ ਕੀਤਾ ਹੈ। ਪੀੜਤ ਮਾਂ ਨੇ ਕੇਂਦਰ ਸਰਕਾਰ ਸਮੇਤ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਕਿ ਉਸ ਦੀ ਧੀ ਮਹਿਕ ਸ਼ਰਮਾ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪ੍ਰਬੰਧ ਕੀਤੇ ਜਾਣ। ਦੂਜੇ ਪਾਸੇ ਐੱਸ.ਐੱਸ.ਪੀ ਬਟਾਲਾ ਮੈਡਮ ਅਸ਼ਵਨੀ ਗੋਟਿਆਲ ਨੇ ਪਰਿਵਾਰਿਕ ਮੈਂਬਰਾਂ ਨੂੰ ਜੋ ਵੀ ਸੰਭਵ ਮਦਦ ਹੋਵੇਗੀ ਕੀਤੇ ਜਾਣ, ਦਾ ਭਰੋਸਾ ਦਿੱਤਾ ਹੈ।

Add a Comment

Your email address will not be published. Required fields are marked *