ਆਸਟ੍ਰੇਲੀਆ ‘ਚ 16 ਹਜ਼ਾਰ ਘੋੜਿਆਂ ਨੂੰ ਮਾਰਨ ਦੇ ਆਦੇਸ਼

ਆਸਟ੍ਰੇਲੀਆਈ ਸਰਕਾਰ ਨੇ 16,000 ਘੋੜਿਆਂ ਨੂੰ ਗੋਲੀ ਮਾਰਨ ਦਾ ਹੁਕਮ ਦਿੱਤਾ ਹੈ। ਨਿਊ ਸਾਊਥ ਵੇਲਜ਼ ਸਰਕਾਰ ਨੇ ਕਿਹਾ ਕਿ ਆਸਟ੍ਰੇਲੀਆ ਦੇ ਕੋਸੀਸਜ਼ਕੋ ਨੈਸ਼ਨਲ ਪਾਰਕ ਵਿਚ ਲਗਭਗ 19,000 ਜੰਗਲੀ ਘੋੜੇ ਹਨ, ਜਿਨ੍ਹਾਂ ਨੂੰ “ਬਰੰਬੀਜ਼” ਕਿਹਾ ਜਾਂਦਾ ਹੈ। 2027 ਤੱਕ ਇਨ੍ਹਾਂ ਦੀ ਗਿਣਤੀ ਘਟਾ ਕੇ 3000 ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

ਨਿਊ ਸਾਊਥ ਵੇਲਜ਼ ਦੇ ਵਾਤਾਵਰਣ ਮੰਤਰੀ ਪੈਨੀ ਸ਼ਾਰਪ ਨੇ ਕਿਹਾ ਕਿ ਘੋੜਿਆਂ ਦੀ ਗਿਣਤੀ ਘਟਾਉਣ ਲਈ ਕਈ ਉਪਾਅ ਕੀਤੇ ਗਏ ਹਨ। ਇਨ੍ਹਾਂ ਜੰਗਲੀ ਘੋੜਿਆਂ ਨੂੰ ਹੌਲੀ-ਹੌਲੀ ਮਾਰਿਆ ਜਾ ਰਿਹਾ ਹੈ ਅਤੇ ਕਿਸੇ ਹੋਰ ਥਾਂ ‘ਤੇ ਸ਼ਿਫਟ ਕੀਤਾ ਜਾ ਰਿਹਾ ਹੈ ਪਰ ਇਹ ਉਪਾਅ ਕਾਫੀ ਨਹੀਂ ਹਨ। ਮੰਤਰੀ ਨੇ ਕਿਹਾ ਕਿ ਜੰਗਲੀ ਘੋੜਿਆਂ ਦੀ ਵੱਡੀ ਗਿਣਤੀ ਵਾਤਾਵਰਣ ਲਈ ਖਤਰਾ ਹੈ, ਇਸ ਲਈ ਸਾਨੂੰ ਕੁਝ ਕਰਨਾ ਪਵੇਗਾ। ਪਿਛਲੇ 20 ਸਾਲਾਂ ਵਿੱਚ ਇਨ੍ਹਾਂ ਘੋੜਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਇਹ ਦੇਸੀ ਪਸ਼ੂਆਂ ਦੇ ਘਰ ਤਬਾਹ ਕਰ ਦਿੰਦੇ ਹਨ।

ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਕਿਹਾ ਕਿ ਸਾਲ 2020 ‘ਚ ਇਨ੍ਹਾਂ ਘੋੜਿਆਂ ਦੀ ਗਿਣਤੀ 14,380 ਸੀ ਪਰ ਸਾਲ 2022 ‘ਚ ਇਹ ਵਧ ਕੇ 18,814 ਹੋ ਗਈ। ਵਾਤਾਵਰਨ ਗਰੁੱਪ ਨੇ ਕਿਹਾ ਕਿ ਜੇਕਰ ਕੁਝ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਇਨ੍ਹਾਂ ਦੀ ਗਿਣਤੀ ਵਧ ਕੇ 50,000 ਨੂੰ ਪਾਰ ਕਰ ਜਾਵੇਗੀ। ਸਰਕਾਰ ਨੇ ਕਿਹਾ ਕਿ ਜੰਗਲੀ ਘੋੜੇ ਪਾਣੀ ਦੇ ਸਰੋਤਾਂ ਅਤੇ ਝਾੜੀਆਂ ਨੂੰ ਲਤਾੜਦੇ ਰਹਿੰਦੇ ਹਨ, ਜਿਸ ਨਾਲ ਵਾਤਾਵਰਣ ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਹ ਸਥਾਨਕ ਜੰਗਲੀ ਜੀਵ ਜਿਵੇਂ ਕਿ ਕੋਰੋਬੋਰੀ ਡੱਡੂ, ਚੌੜੇ ਦੰਦ ਵਾਲੇ ਚੂਹੇ ਅਤੇ ਦੁਰਲੱਭ ਅਲਪਾਈਨ ਆਰਚਿਡ ਨੂੰ ਮਾਰ ਦਿੰਦੇ ਹਨ। ਸਰਕਾਰ ਨੇ ਇਨ੍ਹਾਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਹਵਾਈ ਸ਼ੂਟਿੰਗ ਦੇ ਹੁਕਮ ਦਿੱਤੇ ਹਨ, ਇਸ ਤੋਂ ਬਾਅਦ ਇਨ੍ਹਾਂ ਜੰਗਲੀ ਘੋੜਿਆਂ ਦਾ ਵਧੀਆ ਢੰਗ ਨਾਲ ਪ੍ਰਬੰਧਨ ਕੀਤਾ ਜਾ ਸਕੇਗਾ। 

Add a Comment

Your email address will not be published. Required fields are marked *