ਮਹਾਰਾਣੀ ਦੇ ਅੰਤਿਮ ਸੰਸਕਾਰ ‘ਚ ਰਾਸ਼ਟਰਪਤੀ ਸਮੇਤ ਦੁਨੀਆ ਭਰ ਦੇ 500 ਨੇਤਾ ਹੋਣਗੇ ਸ਼ਾਮਲ

ਲੰਡਨ – ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਅੰਤਿਮ ਸੰਸਕਾਰ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਮੇਤ ਦੁਨੀਆ ਭਰ ਦੇ ਕਰੀਬ 500 ਨੇਤਾ ਅਤੇ ਵਿਦੇਸ਼ੀ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਮਹਾਰਾਣੀ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਵੈਸਟਮਿੰਸਟਰ ਐਬੇ ਵਿਖੇ ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ। ਵਿਦੇਸ਼ ਮੰਤਰਾਲਾ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਮੁਰਮੂ ਦੇ ਯੂਕੇ ਦੇ ਤਿੰਨ ਦਿਨਾਂ ਦੌਰੇ ਦੀ ਪੁਸ਼ਟੀ ਕੀਤੀ। ਉਨ੍ਹਾਂ ਨੂੰ ਲੰਡਨ ਵਿੱਚ ਹੋਣ ਵਾਲੇ ਅੰਤਿਮ ਸੰਸਕਾਰ ਲਈ ਭਾਰਤ ਦੇ ਰਾਜ ਦੇ ਮੁਖੀ ਵਜੋਂ ਸੱਦਾ ਦਿੱਤਾ ਗਿਆ ਹੈ।

ਬ੍ਰਿਟੇਨ ਵਿੱਚ ਪਿਛਲੇ 57 ਸਾਲਾਂ ਵਿੱਚ ਇਹ ਪਹਿਲਾ ਸਰਕਾਰੀ ਅੰਤਿਮ ਸੰਸਕਾਰ ਹੈ। ਇਸ ਤੋਂ ਪਹਿਲਾਂ 1965 ਵਿੱਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦਾ ਸਰਕਾਰੀ ਅੰਤਿਮ ਸੰਸਕਾਰ ਕੀਤਾ ਗਿਆ ਸੀ। ਅਧਿਕਾਰਤ ਖ਼ਬਰਾਂ ਅਨੁਸਾਰ ਕਿੰਗ ਚਾਰਲਸ III ਐਤਵਾਰ ਸ਼ਾਮ ਨੂੰ ਲੰਡਨ ਦੇ ਬਕਿੰਘਮ ਪੈਲੇਸ ਵਿੱਚ ਵਿਦੇਸ਼ੀ ਨੇਤਾਵਾਂ ਦੇ ਸਨਮਾਨ ਵਿੱਚ ਇੱਕ ਸਮਾਰੋਹ ਦੀ ਮੇਜ਼ਬਾਨੀ ਕਰਨਗੇ। ਸੋਮਵਾਰ ਸਵੇਰੇ 11 ਵਜੇ ਅੰਤਿਮ ਸੰਸਕਾਰ ਦੀਆਂ ਰਸਮਾਂ ਦੀ ਸ਼ੁਰੂ ਹੋਵੇਗੀ

ਇਸ ਤੋਂ ਪਹਿਲਾਂ ਐਤਵਾਰ ਨੂੰ ਰਾਸ਼ਟਰਪਤੀ ਮੁਰਮੂ ਸ਼ੋਕ ਪੁਸਤਕ ‘ਤੇ ਦਸਤਖ਼ਤ ਕਰਨਗੇ ਅਤੇ ਬਕਿੰਘਮ ਪੈਲੇਸ ਨੇੜੇ ਲੈਂਕੈਸਟਰ ਹਾਊਸ ਵਿਖੇ ਭਾਰਤ ਸਰਕਾਰ ਵੱਲੋਂ ਇੱਕ ਸ਼ੋਕ ਸੰਦੇਸ਼ ਦੇਣ ਦੀ ਉਮੀਦ ਹੈ। ਇਸ ਦੌਰਾਨ ਰੂਸ-ਯੂਕ੍ਰੇਨ ਯੁੱਧ ਦਾ ਵੀ ਬ੍ਰਿਟੇਨ ਦੇ ਇਸ ਮਹੱਤਵਪੂਰਨ ਕੂਟਨੀਤਕ ਸਮਾਗਮ ‘ਤੇ ਅਸਰ ਪਿਆ ਹੈ। ਬ੍ਰਿਟਿਸ਼ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਰੂਸ, ਬੇਲਾਰੂਸ ਅਤੇ ਮਿਆਂਮਾਰ ਨੂੰ ਸਰਕਾਰੀ ਅੰਤਿਮ ਸੰਸਕਾਰ ਲਈ ਸੱਦਾ ਨਹੀਂ ਦਿੱਤਾ ਗਿਆ ਹੈ। ਬੈਲਜੀਅਮ, ਸਵੀਡਨ, ਨੀਦਰਲੈਂਡ ਅਤੇ ਸਪੇਨ ਦੇ ਰਾਜਿਆਂ ਅਤੇ ਉਨ੍ਹਾਂ ਦੀਆਂ ਰਾਣੀਆਂ ਦੇ ਵੀ ਇਸ ਸਰਕਾਰੀ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।

Add a Comment

Your email address will not be published. Required fields are marked *