ਪੜਤਾਲੀਆ ਰਿਪੋਰਟ ਆਉਣ ਕਾਰਨ ਮਰਹੂਮ ਮਨਮੀਤ ਅਲੀਸ਼ੇਰ ਕੇਸ ਮੁੜ ਸੁਰਖੀਆਂ ‘ਚ

ਬ੍ਰਿਸਬੇਨ :(28 ਅਕਤੂਬਰ) – ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ 28 ਅਕਤੂਬਰ, 2016 ਦੀ ਮਨਹੂਸ ਸਵੇਰ ਨੂੰ ਵਾਪਰੇ ਦਰਦਨਾਕ ਹਾਦਸੇ ‘ਚ ਮਰਹੂਮ ਮਨਮੀਤ ਅਲੀਸ਼ੇਰ ਬੱਸ ਡਰਾਈਵਰ ਦਾ ਡਿਊਟੀ ਦੌਰਾਨ ਕੀਤੇ ਗਏ ਕਤਲ ਦਾ ਕੇਸ ਇਕ ਵਾਰ ਫਿਰ ਇਨਸਾਫ਼ ਲਈ ਸੁਰਖੀਆਂ ‘ਚ ਹੈ। ਬ੍ਰਿਸਬੇਨ ਦੀ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤੀ ਗਈ ਕੋਰੋਨਰ ਇਨੁਕੁਇਸਟ ਦੀ ਰਿਪੋਰਟ ਵਿੱਚ ਦਿੱਤੇ ਗਏ ਸੁਝਾਵਾਂ ਦੀ ਪੜਚੋਲ ਕਰਕੇ ਸਰਕਾਰ ਇਸ ਰਿਪੋਰਟ ‘ਤੇ ਅਗਲੇਰੀ ਕਾਰਵਾਈ ਕਰੇਗੀ। 

ਕੋਰੋਨਰ ਰਿਪੋਰਟ ਦੇ ਫ਼ੈਸਲੇ ‘ਤੇ ਮਨਮੀਤ ਦੇ ਪਰਿਵਾਰ ਵੱਲੋਂ ਅਸਹਿਮਤੀ ਪ੍ਰਗਟ ਕਰਦਿਆਂ ਮਾਣਯੋਗ ਅਦਾਲਤ ਦੇ ਬਾਹਰ ਮੀਡੀਆ ਨੂੰ ਵਿਨਰਜੀਤ ਸਿੰਘ ਖਡਿਆਲ, ਅਮਿਤ ਅਲੀਸ਼ੇਰ, ਪਿੰਕੀ ਸਿੰਘ, ਅਮਨਦੀਪ ਕੌਰ, ਟਾਮ ਬਰਾਊਨ, ਰਾਜੇਸ਼ ਕੁਮਾਰ ਨੇ ਸਾਂਝੇ ਤੌਰ ‘ਤੇ ਕਿਹਾ ਕਿ ਅਸੀ ਇਨਸਾਫ ਲਈ ਸੱਤ ਸਾਲ ਪਹਿਲਾ ਜਿਸ ਮੁਕਾਮ ਤੇ ਖੜ੍ਹੇ ਸੀ ਅੱਜ ਵੀ ਉੱਥੇ ਹੀ ਖੜ੍ਹੇ ਹਾਂ। ਉਨਾਂ ਸਵਾਲ ਕਰਦਿਆਂ ਕਿਹਾ ਕਿ ਦੋਸ਼ੀ ਦੇ ਇਲਾਜ ਦੌਰਾਨ ਵੱਖ-ਵੱਖ ਪ੍ਰਸ਼ਾਸਨਿਕ ਵਿਭਾਗਾਂ ਵਿੱਚ ਤਾਲਮੇਲ ਦੀ ਭਾਰੀ ਕਮੀ ਵੇਖਣ ਨੂੰ ਮਿਲੀ ਹੈ। ਦੋਸ਼ੀ ਐਂਥਨੀ ਉਡਨਹੀਓ ਵਲੋਂ ਮਨਮੀਤ ਸ਼ਰਮਾ ਨੂੰ ਕਤਲ ਕਰਨ ਤੋਂ ਪਹਿਲਾਂ ਦੇ ਸਾਲਾਂ ਦੇ ਮਾਨਸਿਕ ਬਿਮਾਰੀ ਸਬੰਧੀ ਕੀਤੇ ਗਏ ਇਲਾਜ਼ ਦੌਰਾਨ ਪਤਾ ਲਗਾਇਆ ਜਾਣਾ ਚਾਹੀਦਾ ਸੀ ਕਿ ਦੋਸ਼ੀ ਕਿਸ ਹੱਦ ਤੱਕ ਮਾਨਸਿਕ ਬਿਮਾਰੀ ਤੋਂ ਪੀੜਤ ਸੀ। ਇਲਾਜ ਦੌਰਾਨ ਕਿਥੇ ਕਮੀ ਰਹੀ ਤੇ ਸਿਹਤ ਵਿਭਾਗ ਵੱਲੋਂ ਉਸ ਨੂੰ ਸਮਾਜ ਵਿੱਚ ਵਿਚਰਨ ਦੀ ਆਗਿਆ ਦੇਣ ਵਾਲੇ ਅਧਿਕਾਰੀ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਸੀ। ਤਾਂ ਜੋ ਭਵਿੱਖ ਅਜਿਹੀ ਘਟਨਾ ਨਾ ਵਾਪਰੇ।

ਜ਼ਿਕਰਯੋਗ ਹੈ ਕਿ ਐਂਥਨੀ ਸਾਲ 2010 ਤੋਂ ਹੀ ਹਸਪਤਾਲ ਅਤੇ ਕਮਿਊਨਿਟੀ ਮਾਨਸਿਕ ਸਿਹਤ ਸੇਵਾਵਾਂ ਨਾਲ ਸੰਪਰਕ ‘ਚ ਸੀ। ਮਨਮੀਤ ਦੇ ਕਤਲ ਵਾਲੇ ਦਿਨ ਦੋਸ਼ੀ ਵੱਲੋਂ ਡਿਉਟੀ ਦੌਰਾਨ ਡਰਾਈਵਰ ਸੀਟ ‘ਤੇ ਬੈਠੇ ਮਰਹੂਮ ‘ਤੇ ਡੀਜ਼ਲ ਅਤੇ ਪੈਟਰੋਲ ਸੁੱਟ ਅੱਗ ਲਗਾ ਕੇ ਜਲਾਇਆ ਗਿਆ ਸੀ ਅਤੇ 29 ਸਾਲਾ ਮਨਮੀਤ ਦੀ ਅੱਗਜ਼ਨੀ ਨਾਲ ਮੌਕੇ ‘ਤੇ ਮੌਤ ਹੋ ਗਈ ਸੀ। ਇਥੇ ਜ਼ਿਕਰਯੋਗ ਹੈ ਕਿ ਮਨਮੀਤ ਕਤਲ ਕੇਸ ‘ਚ ਦੋਸ਼ੀ ਐਂਥਨੀ ਨੂੰ ਮਾਣਯੋਗ ਅਦਾਲਤ ਨੇ ਮਾਨਸਿਕ ਬਿਮਾਰੀ ਤੋਂ ਪੀੜਤ ਗਰਦਾਨਿਆ ਸੀ, ਪਰ ਅਪਰਾਧਿਕ ਕੇਸ ਵਿੱਚ ਦੋਸ਼ੀ ਨਹੀਂ ਠਹਿਰਾਇਆ ਸੀ। ਅਪਰਾਧਿਕ ਦੋਸ਼ ਮੁਕਤੀ ਤੋਂ ਬਾਅਦ ਅਦਾਲਤ ਨੇ ਦੋਸ਼ੀ ਨੂੰ ਘੱਟੋ-ਘੱਟ ਇੱਕ ਦਹਾਕੇ ਲਈ ਮਾਨਸਿਕ ਸਿਹਤ ਸਹੂਲਤ ਦੀ ਨਿਗਰਾਨੀ ‘ਚ ਰੱਖਣ ਦਾ ਆਦੇਸ਼ ਦਿੱਤਾ ਸੀ। 

ਉਸ ਵਕਤ ਮਰਹੂਮ ਦੇ ਭਰਾ ਅਮਿਤ ਅਲੀਸ਼ੇਰ ਅਤੇ ਵਿਨਰਜੀਤ ਸਿੰਘ ਗੋਲਡੀ ਨੇ ਭਵਿੱਖ ‘ਚ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ, ਲਈ ਕੋਰੋਨਰ ਜਾਂਚ ਰਿਪੋਰਟ ਦੀ ਮੰਗ ਕੀਤੀ ਸੀ, ਤਾਂ ਕਿ ਇਸ ਕਤਲ ਲਈ ਸਿਸਟਮ, ਸਿਹਤ ਵਿਭਾਗ ਜਾਂ ਫਿਰ ਕੌਣ ਜ਼ਿੰਮੇਵਾਰ ਹੈ ਤੈਅ ਹੋਵੇ। ਮਰਹੂਮ ਲਈ ਇਨਸਾਫ਼ ਦੀ ਗੁਹਾਰ ਲਗਾਈ ਸੀ। ਮਰਹੂਮ ਨੂੰ ਇਨਸਾਫ਼ ਨਾ ਮਿਲਣਾ ਪੀੜਤ ਦੇ ਪਰਿਵਾਰ ਅਤੇ ਸਮੂਹ ਭਾਈਚਾਰੇ ਲਈ ਚੀਸ ਬਣਕੇ ਰਹਿ ਗਈ ਹੈ। ਇਸ ਮੌਕੇ ਪੰਜਾਬ ਤੋਂ ਬ੍ਰਿਸਬੇਨ ਪਹੁੰਚੇ ਭਰਾ ਅਮਿਤ ਅਲੀਸ਼ੇਰ, ਵਿਨਰਜੀਤ ਸਿੰਘ ਖਡਿਆਲ, ਭੈਣ ਅਮਨਦੀਪ ਕੌਰ, ਰਾਜੇਸ਼ ਕੁਮਾਰ, ਪਿੰਕੀ ਸਿੰਘ, ਮਨਮੋਹਣ ਰੰਧਾਵਾ, ਰੇਲ, ਟਰਾਮ, ਬੱਸ ਯੂਨੀਅਨ ਤੋਂ ਸੈਕਟਰੀ ਟਾਮ ਬਰਾਊਨ, ਬੈਨਟ ਰੋਚ, ਹਰਮਨ ਗਿੱਲ, ਮਨਮੋਹਨ ਸਿੰਘ, ਹਰਪ੍ਰੀਤ ਕੋਹਲੀ, ਹਰਜੀਤ ਭੁੱਲਰ, ਵਰਿੰਦਰ ਅਲੀਸ਼ੇਰ, ਦਲਜੀਤ ਸਿੰਘ, ਗੁਰਦੀਪ, ਯੂਨੀਅਨ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Add a Comment

Your email address will not be published. Required fields are marked *