ਹਮਾਸ-ਇਜ਼ਰਾਈਲ ਯੁੱਧ ਦੌਰਾਨ ਅਮਰੀਕਾ ਨੇ ਸੀਰੀਆ ‘ਤੇ ਕੀਤਾ ਹਵਾਈ ਹਮਲਾ

ਇਜ਼ਰਾਈਲ-ਹਮਾਸ ਜੰਗ ਦੇ ਵਿਚਾਲੇ ਅਮਰੀਕਾ ਨੇ ਹੁਣ ਸੀਰੀਆ ‘ਤੇ ਹਵਾਈ ਹਮਲਾ ਕਰ ਦਿੱਤਾ ਹੈ। ਅਮਰੀਕੀ ਫ਼ੌਜੀ ਜਹਾਜ਼ਾਂ ਨੇ ਪੂਰਬੀ ਸੀਰੀਆ ‘ਚ ਈਰਾਨ ਸਮਰਥਿਤ ਅੱਤਵਾਦੀ ਸਮੂਹਾਂ ‘ਤੇ ਹਮਲੇ ਕੀਤੇ ਹਨ। ਇਨ੍ਹਾਂ ਸਮੂਹਾਂ ਨੇ ਹਾਲ ਹੀ ‘ਚ ਇਰਾਕ ਅਤੇ ਸੀਰੀਆ ਵਿੱਚ ਅਮਰੀਕੀ ਸੈਨਿਕਾਂ ‘ਤੇ ਇਕ ਦਰਜਨ ਤੋਂ ਵੱਧ ਰਾਕੇਟ ਅਤੇ ਡਰੋਨ ਹਮਲੇ ਕੀਤੇ ਸਨ। ਪੈਂਟਾਗਨ ਦੀ ਰਿਪੋਰਟ ਮੁਤਾਬਕ ਇਨ੍ਹਾਂ ਹਮਲਿਆਂ ‘ਚ 20 ਤੋਂ ਵੱਧ ਅਮਰੀਕੀ ਫ਼ੌਜੀ ਜ਼ਖ਼ਮੀ ਹੋਏ ਸਨ। ਸੀਰੀਆ ‘ਤੇ ਇਹ ਏਅਰ ਸਟ੍ਰਾਈਕ ਉਨ੍ਹਾਂ ਹਮਲਿਆਂ ਦਾ ਜਵਾਬ ਹੈ।

ਰੱਖਿਆ ਸਕੱਤਰ ਲੋਇਡ ਔਸਟਿਨ ਨੇ ਕਿਹਾ, “ਅੱਜ ਰਾਸ਼ਟਰਪਤੀ ਜੋਅ ਬਾਈਡੇਨ ਦੇ ਨਿਰਦੇਸ਼ਾਂ ‘ਤੇ ਅਮਰੀਕੀ ਫ਼ੌਜੀ ਬਲਾਂ ਨੇ ਪੂਰਬੀ ਸੀਰੀਆ ਵਿੱਚ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਅਤੇ ਸੰਬੰਧਿਤ ਸਮੂਹਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ।” ਉਨ੍ਹਾਂ ਕਿਹਾ, “17 ਅਕਤੂਬਰ ਤੋਂ ਸ਼ੁਰੂ ਹੋਏ ਈਰਾਨ ਸਮਰਥਿਤ ਮਿਲੀਸ਼ੀਆ ਸਮੂਹਾਂ ਦੁਆਰਾ ਇਰਾਕ ਅਤੇ ਸੀਰੀਆ ਵਿੱਚ ਅਮਰੀਕੀ ਸੈਨਿਕਾਂ ਵਿਰੁੱਧ ਚੱਲ ਰਹੇ ਹਮਲਿਆਂ ਦਾ ਇਹ ਜਵਾਬ ਹੈ।”

ਉਨ੍ਹਾਂ ਕਿਹਾ, “ਰਾਸ਼ਟਰਪਤੀ ਲਈ ਅਮਰੀਕੀ ਸੈਨਿਕਾਂ ਦੀ ਸੁਰੱਖਿਆ ਤੋਂ ਵਧ ਕੇ ਕੋਈ ਤਰਜੀਹ ਨਹੀਂ ਹੈ। ਉਨ੍ਹਾਂ ਅੱਜ ਦੀ ਕਾਰਵਾਈ ਨੂੰ ਸਪੱਸ਼ਟ ਕਰਨ ਦਾ ਨਿਰਦੇਸ਼ ਦਿੱਤਾ ਕਿ ਅਮਰੀਕਾ ਅਜਿਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਅਸੀਂ ਆਪਣੇ ਸੈਨਿਕਾਂ ਤੇ ਆਪਣੇ ਹਿੱਤਾਂ ਦੀ ਰੱਖਿਆ ਕਰਾਂਗੇ।”

ਇਰਾਕ ਅਤੇ ਸੀਰੀਆ ‘ਚ ਅਮਰੀਕੀ ਟਿਕਾਣਿਆਂ ‘ਤੇ ਹਾਲ ਹੀ ‘ਚ ਹੋਏ ਹਮਲਿਆਂ ਵਿੱਚ ਲਗਭਗ 24 ਅਮਰੀਕੀ ਸੈਨਿਕ ਜ਼ਖ਼ਮੀ ਹੋ ਗਏ ਸਨ। ਅਮਰੀਕੀ ਸੈਂਟਰਲ ਕਮਾਂਡ (ਸੈਂਟਕਾਮ) ਦੇ ਬੁਲਾਰੇ ਨੇ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਮੰਗਲਵਾਰ ਨੂੰ ਕਿਹਾ, “ਅਮਰੀਕਾ ਅਤੇ ਗਠਜੋੜ ਫ਼ੌਜਾਂ ਦੇ ਖ਼ਿਲਾਫ਼ ਸ਼ੁਰੂ ਕੀਤੇ ਗਏ ਕਈ ਇਕਪਾਸੜ ਹਮਲੇ ਵਾਲੇ ਡਰੋਨ ਸੀਰੀਆ ਦੇ ਅਲ-ਤਨਫ ਗੈਰੀਸਨ ਵਿੱਚ ਨਸ਼ਟ ਕਰ ਦਿੱਤੇ ਗਏ।” 20 ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ।

ਉਨ੍ਹਾਂ ਕਿਹਾ ਕਿ ਇਰਾਕ ਦੇ ਅਲ-ਅਸਦ ਹਵਾਈ ਅੱਡੇ ‘ਤੇ ਅਮਰੀਕੀ ਅਤੇ ਗਠਜੋੜ ਫ਼ੌਜਾਂ ਦੇ ਖ਼ਿਲਾਫ਼ 2 ਵੱਖ-ਵੱਖ ਹਮਲਿਆਂ ‘ਚ 4 ਹੋਰ ਅਮਰੀਕੀ ਸੈਨਿਕਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਬੁਲਾਰੇ ਨੇ ਦੱਸਿਆ ਕਿ ਹਵਾਈ ਅੱਡੇ ‘ਤੇ ਕਈ ਹਮਲਾਵਰ ਡਰੋਨਾਂ ਨੂੰ ਡੇਗ ਦਿੱਤਾ ਗਿਆ ਪਰ ਇਕ ਡਰੋਨ ਨੇ ਅੰਦਰ ਛੋਟੇ ਜਹਾਜ਼ਾਂ ਦੇ ਨਾਲ ਹੈਂਗਰ ਨੂੰ ਤਬਾਹ ਕਰ ਦਿੱਤਾ। ਪੈਂਟਾਗਨ ਦੇ ਅਨੁਸਾਰ ਇਰਾਕ ਵਿੱਚ ਲਗਭਗ 2,500 ਅਮਰੀਕੀ ਸੈਨਿਕ ਅਤੇ ਸੀਰੀਆ ‘ਚ 900 ਹੋਰ ਹਨ।

Add a Comment

Your email address will not be published. Required fields are marked *