ਅਕਾਲੀ ਆਗੂ ਬੰਟੀ ਰੋਮਾਣਾ ਨੂੰ ਭੇਜਿਆ ਨਿਆਇਕ ਹਿਰਾਸਤ ‘ਚ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਬਾਰੇ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬੰਟੀ ਰੋਮਾਣਾ ਨੂੰ ਵੀਰਵਾਰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ’ਤੇ ਦੋਸ਼ ਹੈ ਕਿ ਗਾਇਕ ਕੰਵਰ ਗਰੇਵਾਲ ਦੇ ਸਾਲ 2014 ‘ਚ ਹੋਏ ਸ਼ੋਅ ਦੀ ਵੀਡੀਓ ਨੂੰ ਫੋਰਜ ਅਤੇ ਮਾਰਫਡ ਕਰਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤਾ ਗਿਆ ਹੈ, ਜਿਸ ਰਾਹੀਂ ਮੁੱਖ ਮੰਤਰੀ ਦੇ ਅਕਸ ਨੂੰ ਖਰਾਬ ਕਰਨ ਦਾ ਯਤਨ ਕੀਤਾ ਗਿਆ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੋਹਾਣਾ ਵਾਸੀ ਸੰਦੀਪ ਸਿੰਘ ਨੇ ਕਿਹਾ ਕਿ ਪਰਮਬੰਸ ਸਿੰਘ ਰੋਮਾਣਾ ਨਾਂ ਦੇ ਟਵਿੱਟਰ ਹੈਂਡਲ ਤੋਂ 25 ਅਕਤੂਬਰ ਦੀ ਸ਼ਾਮ ਨੂੰ ਇਕ ਲਿੰਕ ਪੋਸਟ ਕੀਤਾ ਗਿਆ, ਜਿਸ ਨੂੰ ਉਸ ਨੇ ਲੈਪਟਾਪ ’ਚ ਦੇਖਿਆ ਸੀ। ਪੋਸਟ ਕੀਤੇ ਗਏ ਲਿੰਕ ‘ਚ ਗਾਇਕ ਕੰਵਰ ਗਰੇਵਾਲ ਦੇ ਸਾਲ 2014 ਦੇ ਯੂ. ਕੇ. ਵਿੱਚ ਕੀਤੇ ਗਏ ਸ਼ੋਅ ਦੀ ਵੀਡੀਓ ਨੂੰ ਫੋਰਜ ਅਤੇ ਮਾਰਫਡ ਕਰਕੇ ਮੁੱਖ ਮੰਤਰੀ ਦੇ ਅਕਸ ਨੂੰ ਖਰਾਬ ਕਰਨ ਦਾ ਯਤਨ ਕਰਨ ਨਾਲ ਸਬੰਧਤ ਬੋਲ ਬੋਲੇ ਗਏ ਸਨ।

ਇਸ ਬਾਰੇ ਮਟੌਰ ਥਾਣਾ ਪੁਲਸ ਨੂੰ ਸ਼ਿਕਾਇਤ ਦਿੰਦਿਆਂ ਇਸ ਟਵਿੱਟਰ ਹੈਂਡਲ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਸਾਈਬਰ ਸੈੱਲ ਨੇ ਇਸ ਦੀ ਜਾਂਚ ਕਰਦਿਆਂ ਹੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਖ਼ਿਲਾਫ਼ ਆਈ. ਟੀ. ਐਕਟ ਤੇ ਹੋਰ ਬਣਦੀਆਂ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਨ ਮਗਰੋਂ ਮੋਹਾਲੀ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਸੀ। ਦੇਰ ਸ਼ਾਮ ਉਨ੍ਹਾਂ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ।

Add a Comment

Your email address will not be published. Required fields are marked *