ਪੰਜਾਬੀ ਅਦਾਕਾਰਾ ਦੀ ਪ੍ਰਾਪਰਟੀ ’ਤੇ ਪ੍ਰਵਾਸੀ ਨੇ ਕੀਤਾ ਕਬਜ਼ਾ
ਪੰਜਾਬੀ ਅਦਾਕਾਰਾ ਤੇਜੀ ਸੰਧੂ ਦੀ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਅਦਾਕਾਰਾ ਇਕ ਪ੍ਰਵਾਸੀ ਵਲੋਂ ਆਪਣੀ ਪ੍ਰਾਪਰਟੀ ’ਤੇ ਕੀਤੇ ਕਬਜ਼ੇ ਬਾਰੇ ਦੱਸ ਰਹੀ ਹੈ। ਇਸ ਦੌਰਾਨ ਤੇਜੀ ਸੰਧੂ ਨੂੰ ਭਾਵੁਕ ਹੁੰਦੇ ਵੀ ਦੇਖਿਆ ਜਾ ਸਕਦਾ ਹੈ। ਤੇਜੀ ਸੰਧੂ ਨੇ ਦੱਸਿਆ ਕਿ ਲੁਧਿਆਣਾ ’ਚ ਉਸ ਦੀ ਇਕ ਪ੍ਰਾਪਰਟੀ ਹੈ, ਜਿਸ ’ਤੇ ਇਕ ਪ੍ਰਵਾਸੀ ਨੇ ਕਬਜ਼ਾ ਕੀਤਾ ਹੈ। ਉਕਤ ਪ੍ਰਵਾਸੀ ਨੇ ਬੱਚੇ ਦੇ ਇਲਾਜ ਲਈ ਸਮਾਂ ਲਿਆ ਸੀ ਤੇ ਫਿਰ ਮੇਰੀ ਪ੍ਰਾਪਰਟੀ ’ਤੇ ਕਬਜ਼ਾ ਕਰਕੇ ਬੈਠ ਗਿਆ। ਤੇਜੀ ਸੰਧੂ ਨੇ ਕਿਹਾ ਕਿ ਉਕਤ ਪ੍ਰਵਾਸੀ ’ਤੇ ਪਹਿਲਾਂ ਵੀ ਕਈ ਪਰਚੇ ਦਰਜ ਹਨ, ਜੋ ਲੋਕਾਂ ਦੀਆਂ ਪ੍ਰਾਪਰਟੀਆਂ ’ਤੇ ਕੀਤੇ ਕਬਜ਼ਿਆਂ ਨੂੰ ਲੈ ਕੇ ਹੀ ਦਰਜ ਹੋਏ ਹਨ। ਉਕਤ ਪ੍ਰਵਾਸੀ ਰਾਜਨੀਤਕ ਆਗੂਆਂ ਲਈ ਕੰਮ ਕਰਦਾ ਹੈ, ਜਿਸ ਦੇ ਚਲਦਿਆਂ ਉਸ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਤੇਜੀ ਸੰਧੂ ਨੇ ਕਿਹਾ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਧਮਕਾਇਆ ਜਾ ਰਿਹਾ ਹੈ। ਉਸ ਨੇ ਨਾ ਤਾਂ ਕਿਸੇ ਦਾ ਬੁਰਾ ਕੀਤਾ ਹੈ ਤੇ ਨਾ ਹੀ ਉਹ ਭ੍ਰਿਸ਼ਟ ਹੈ। ਤੇਜੀ ਸੰਧੂ ਨੇ ਇਹ ਵੀ ਕਿਹਾ ਕਿ ਜਦੋਂ ਉਹ ਕਬਜ਼ਾ ਛੁਡਵਾਉਣ ਗਏ ਤਾਂ ਉਕਤ ਪ੍ਰਵਾਸੀ ਨੇ ਉਸ ਦੇ ਭਰਾ ਨਾਲ ਕੁੱਟਮਾਰ ਕੀਤੀ ਤੇ ਤੇਜੀ ਸੰਧੂ ਦੇ ਕੱਪੜੇ ਵੀ ਪਾੜ ਦਿੱਤੇ ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਪੁਲਸ ਨੇ ਉਕਤ ਪ੍ਰਵਾਸੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ।

