ਪੇਂਡੂ ਕੁੜੀ ਦੀ ਆਵਾਜ਼ ਦੀ ਦੀਵਾਨੀ ਹੋਈ ਨੇਹਾ ਕੱਕੜ, ‘ਇੰਡੀਅਨ ਆਈਡਲ 13’ ਦੇ ਮੰਚ ‘ਤੇ ਲੱਗੀਆਂ ਰੌਣਕਾਂ

ਮੁੰਬਈ: ਸਿੰਗਿੰਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ’ ਦਾ ਸੀਜ਼ਨ 13 ਸ਼ੁਰੂ ਹੋ ਗਿਆ ਹੈ। ਇਸ ਵਾਰ ਸ਼ੋਅ ਵਿਚ ਬਹੁਤ ਹੀ ਦਿਲਚਸਪ ਪ੍ਰਤੀਯੋਗੀ ਹਿੱਸਾ ਲੈਣ ਆ ਰਹੇ ਹਨ। ਛੋਟੇ ਪਰਦੇ ਦੇ ਹਰਮਨ ਪਿਆਰੇ ਸ਼ੋਅ ‘ਚ ਕਿਸਮਤ ਅਜ਼ਮਾਉਣ ਲਈ ਗਾਇਕ ਪਹੁੰਚ ਰਹੇ ਹਨ। ਸ਼ੋਅ ਦੇ ਪਹਿਲੇ ਹੀ ਦਿਨ ਕਈ ਪ੍ਰਤੀਯੋਗੀਆਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਜੱਜਾਂ ਦਾ ਦਿਲ ਜਿੱਤਿਆ। ਇਸ ਦੌਰਾਨ ‘ਇੰਡੀਅਨ ਆਈਡਲ’ ਦਾ ਇਕ ਪ੍ਰੋਮੋ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਬੇਹੱਦ ਸਾਦੇ ਅੰਦਾਜ਼ ‘ਚ ਪਹੁੰਚੀ ਇਕ ਪੇਂਡੂ ਕੁੜੀ ਦੀ ਆਵਾਜ਼ ਨੇ ਸਭ ਨੂੰ ਹੈਰਾਨ ਕਰ ਦਿੱਤਾ। ਬਾਲੀਵੁਡ ਸਿੰਗਰ ਅਤੇ ਸ਼ੋਅ ਦੀ ਜੱਜ ਨੇਹਾ ਕੱਕੜ ਇਸ ਕੁੜੀ ਦੀ ਦਮਦਾਰ ਆਵਾਜ਼ ਤੋਂ ਬਾਅਦ ਉਸ ਦੀ ਫੈਨ ਬਣ ਗਈ।

ਦੱਸ ਦਈਏ ਕਿ ਸੋਨੀ ਟੀ. ਵੀ. ਨੇ ਇਸ ਪ੍ਰੋਮੋ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਸੋਨੀ ਟੀ. ਵੀ. ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ”ਰੂਪਮ ਦੀ ਜ਼ਬਰਦਸਤ ਪਰਫਾਰਮੈਂਸ ਨੇ ਜੱਜਾਂ ਨੂੰ ਹੈਰਾਨ ਕਰ ਦਿੱਤਾ।” ਇਸ ਵੀਡੀਓ ‘ਚ ਰੂਪਮ ਨਾਂ ਦੀ ਪ੍ਰਤੀਯੋਗੀ ‘ਰਾਮ ਚਾਹੇ ਲੀਲਾ’ ਗੀਤ ‘ਤੇ ਪਰਫਾਰਮ ਕਰਦੀ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਦੀ ਰੂਪਮ ਦਾ ‘ਇੰਡੀਅਨ ਆਈਡਲ’ ਦੇ ਮੰਚ ‘ਤੇ ਅਲੱਗ ਹੀ ਅੰਦਾਜ਼ ਦੇਖਣ ਨੂੰ ਮਿਲਿਆ। ਉਹ ਸੂਟ ਪਹਿਨੇ ਹੋਏ ਅਤੇ ਸਿਰ ਚੁੰਨੀ ਲਏ ਹੋਏ ਨਜ਼ਰ ਆਈ। ਮੰਚ ‘ਤੇ ਪਹੁੰਚ ਕੇ ਰੂਪਮ ਨੇ ਗਾਉਣਾ ਸ਼ੁਰੂ ਕੀਤਾ। ਰੂਪਮ ਦੀ ਆਵਾਜ਼ ਸੁਣ ਕੇ ਨੇਹਾ ਕੱਕੜ ਹੈਰਾਨ ਰਹਿ ਗਈ। ਇੰਨਾ ਹੀ ਨਹੀਂ ਜੱਜ ਹਿਮੇਸ਼ ਰੇਸ਼ਮੀਆ ਅਤੇ ਵਿਸ਼ਾਲ ਡਡਲਾਨੀ ਵੀ ਰੂਪਮ ਦੀ ਗਾਇਕੀ ਤੋਂ ਕਾਫ਼ੀ ਪ੍ਰਭਾਵਿਤ ਹੋਏ। ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ।

ਦੱਸਣਯੋਗ ਹੈ ਕਿ ‘ਇੰਡੀਅਨ ਆਈਡਲ 13’ ਵਿਚ ਹੁਣ ਤੱਕ ਤਾਬਿਸ਼ ਅਲੀ, ਰਿਸ਼ੀ ਸਿੰਘ, ਨਵਦੀਪ ਵਡਾਲੀ ਸਮੇਤ ਕਈ ਪ੍ਰਤੀਯੋਗੀ ਚੁਣੇ ਜਾ ਚੁੱਕੇ ਹਨ। ਹਾਲਾਂਕਿ, ਸ਼ੋਅ ਵਿਚ ਇੱਕ ਪ੍ਰਤੀਯੋਗੀ ਵੀ ਸੀ, ਜਿਸ ਨੂੰ ਨੇਹਾ ਕੱਕੜ ਨੇ ਆਪਣੇ ਸੀਨੀਅਰ ਵਜੋਂ ਜੱਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ‘ਇੰਡੀਅਨ ਆਈਡਲ’ ਵਿਚ ਵਿਨੀਤ ਨਾਮ ਦੇ ਆਪਣੇ ਦੋਸਤ ਨੂੰ ਦੇਖ ਕੇ ਨੇਹਾ ਭਾਵੁਕ ਹੋ ਗਈ।

Add a Comment

Your email address will not be published. Required fields are marked *