ਟ੍ਰਿਪਲ ਮਰਡਰ: ਨੌਜਵਾਨ ਨੇ ਆਪਣੇ ਮਾਂ-ਪਿਓ ਤੇ ਭਰਾ ਨੂੰ ਗੋਲ਼ੀਆਂ ਨਾਲ ਭੁੰਨ੍ਹਿਆ

ਲਾਂਬੜਾ/ਜਲੰਧਰ – ਥਾਣਾ ਲਾਂਬੜਾ ਅਧੀਨ ਪੈਂਦੇ ਟਾਵਰ ਐਨਕਲੇਵ ਫੇਸ-3 ਦੀ ਕੋਠੀ ਨੰ. 173 ’ਚ ਪ੍ਰਾਪਰਟੀ ਦੇ ਵਿਵਾਦ ਕਾਰਨ ਬੇਟੇ ਨੇ ਆਪਣੇ ਮਾਂ-ਪਿਉ ਤੇ ਵੱਡੇ ਭਰਾ ਨੂੰ ਪਿਉ ਦੀ ਲਾਇਸੈਂਸੀ ਰਾਈਫਲ ਨਾਲ ਗੋਲੀਆਂ ਨਾਲ ਭੁੰਨ੍ਹ ਕੇ ਮੌਤ ਦੇ ਘਾਟ ਉਤਾਰ ਦਿੱਤਾ। ਗੋਲੀਆਂ ਦੀ ਆਵਾਜ਼ ਸੁਣਦੇ ਹੀ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਲੋਕ ਸੜਕਾਂ ’ਤੇ ਇਕੱਠੇ ਹੋ ਗਏ। ਇਸ ਦੀ ਸੂਚਨਾ ਲੋਕਾਂ ਨੇ ਥਾਣਾ ਲਾਂਬੜਾ ਦੀ ਪੁਲਸ ਨੂੰ ਦਿੱਤੀ ਤੇ ਮੌਕੇ ’ਤੇ ਦਿਹਾਤੀ ਦੇ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ, ਡੀ. ਐੱਸ. ਪੀ. ਕਰਤਾਰਪੁਰ ਬਲਬੀਰ ਸਿੰਘ ਤੇ ਐੱਸ. ਐੱਚ. ਓ. ਅਮਨ ਸੈਣੀ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਮ੍ਰਿਤਕਾਂ ਦੀ ਪਛਾਣ ਪਿਉ ਜਗਬੀਰ ਸਿੰਘ, ਮਾਤਾ ਅਮਰਜੀਤ ਕੌਰ ਤੇ ਵੱਡੇ ਭਰਾ ਗਗਨਦੀਪ ਸਿੰਘ ਵਜੋਂ ਹੋਈ ਹੈ। ਪੁਲਸ ਜਦੋਂ ਕੋਠੀ ਦੇ ਅੰਦਰ ਦਾਖਲ ਹੋਈ ਤਾਂ ਘਟਨਾ ਸਥਾਨ ਦਾ ਮੰਜ਼ਰ ਖੌਫਨਾਕ ਸੀ। ਘਰ ਦੇ ਅੰਦਰ ਤਿੰਨੋਂ ਲਾਸ਼ਾਂ ਵੱਖ-ਵੱਖ ਦਿਸ਼ਾਵਾਂ ’ਚ ਖੂਨ ’ਚ ਲਥਪਥ ਪਈਆਂ ਸਨ।

ਡੀ. ਐੱਸ. ਪੀ. ਕਰਤਾਰਪੁਰ ਬਲਬੀਰ ਸਿੰਘ ਨੇ ਦੱਸਿਆ ਕਿ ਜਗਬੀਰ ਸਿੰਘ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਸੀ ਤੇ ਉਸ ਕੋਲ ਆਪਣੀ .22 ਲਾਈਸੈਂਸੀ ਰਾਈਫਲ ਸੀ, ਜਿਸ ਨੂੰ ਉਹ ਨਾਲ ਰੱਖਦਾ ਸੀ। ਹੁਣ ਤਕ ਦੀ ਜਾਂਚ ’ਚ ਸਾਹਮਣੇ ਆਇਆ ਕਿ ਵੀਰਵਾਰ ਦੇਰ ਸ਼ਾਮ ਜਗਬੀਰ ਸਿੰਘ, ਉਸ ਦੀ ਪਤਨੀ ਅਮਰਜੀਤ ਕੌਰ, ਵੱਡਾ ਬੇਟਾ ਗਗਨਦੀਪ ਤੇ ਛੋਟਾ ਬੇਟਾ ਹਰਪ੍ਰੀਤ ਘਰ ’ਚ ਹਾਜ਼ਰ ਸਨ ਤੇ ਇਨ੍ਹਾਂ ’ਚ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤੇ ਆਵਾਜ਼ਾਂ ਬਾਹਰ ਗਲੀ ਤਕ ਆ ਰਹੀਆਂ ਸਨ। ਪੁਲਸ ਮੁਤਾਬਕ ਹਰਪ੍ਰੀਤ ਆਪਣੇ ਪਰਿਵਾਰ ’ਤੇ ਪ੍ਰਾਪਰਟੀ ਉਸ ਦੇ ਨਾਂ ਕਰਵਾਉਣ ਦਾ ਦਬਾਅ ਪਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦੇ ਘਰ ’ਚ ਕਲੇਸ਼ ਰਹਿੰਦਾ ਸੀ।

ਹਰਪ੍ਰੀਤ ਦੀ ਪਤਨੀ ਤੇ 2 ਬੱਚੇ ਪੇਕੇ ਗਏ ਹੋਏ ਸਨ। ਕਲੇਸ਼ ਕਾਰਨ ਹਰਪ੍ਰੀਤ ਨੇ ਆਪਣੇ ਪਿਉ ਜਗਬੀਰ ਸਿੰਘ ਦੀ ਲਾਈਸੈਂਸੀ ਰਾਈਫਲ ਕੱਢੀ ਤੇ ਤਿੰਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਡੀ. ਐੱਸ. ਪੀ. ਕਰਤਾਰਪੁਰ ਬਲਬੀਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਨੇ 10 ਦੇ ਲਗਭਗ ਫਾਇਰ ਕੀਤੇ, ਜਿਨ੍ਹਾਂ ’ਚੋਂ ਜਗਬੀਰ ਸਿੰਘ ਦੀ ਛਾਤੀ ’ਚ 5 ਤੇ ਮਾਂ ਦੇ ਗਲੇ ਤੇ ਪੇਟ ’ਚ 2 ਤੇ ਵੱਡੇ ਭਰਾ ਨੂੰ 2 ਗੋਲੀਆਂ ਲੱਗੀਆਂ। ਹਰਪ੍ਰੀਤ ਦੀ ਮੋਬਾਇਲ ਲੋਕੇਸ਼ਨ ਨੂੰ ਲੈ ਕੇ ਉਸ ਨੂੰ ਕਾਬੂ ਕਰਨ ਲਈ ਇਕ ਟੀਮ ਰਵਾਨਾ ਕਰ ਦਿੱਤੀ ਗਈ ਹੈ ਤੇ ਉਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਜਲੰਧਰ ਭਿਜਵਾ ਦਿੱਤਾ ਹੈ।

ਸੂਤਰਾਂ ਮੁਤਾਬਕ ਜਿਸ ਪ੍ਰਾਪਰਟੀ ਲਈ ਇਹ ਕਤਲ ਹੋਏ, ਉਹ ਮ੍ਰਿਤਕਾ ਅਮਰਜੀਤ ਕੌਰ ਦੇ ਪੇਕੇ ਪਰਿਵਾਰ ਨੇ ਦਿੱਤੀ ਸੀ। ਸੂਤਰਾਂ ਮੁਤਾਬਕ ਹਰਪ੍ਰੀਤ ਸੰਧੂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਖੁਦ ਨੂੰ ਥਾਣਾ ਲਾਂਬੜਾ ’ਚ ਸਰੰਡਰ ਕਰ ਦਿੱਤਾ ਹੈ। ਇਸ ਸਬੰਧੀ ਜਦੋਂ ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਅਮਨ ਸੈਣੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮ ਉਨ੍ਹਾਂ ਦੀ ਹਿਰਾਸਤ ’ਚ ਨਹੀਂ ਹਨ। ਹਰਪ੍ਰੀਤ ਨੇ ਸੋਸ਼ਲ ਮੀਡੀਆ ’ਤੇ ‘ਦਿ ਪਰਫੈਕਟ ਕਪਲ’ ਦੇ ਨਾਂ ਨਾਲ ਇਕ ਪੇਜ ਬਣਾਇਆ ਹੈ, ਜਿਸ ’ਚ ਉਸ ਨੇ ਆਪਣੀ ਪਤਨੀ ਤੇ ਬੱਚਿਆਂ ਨਾਲ ਕਈ ਫੋਟੋਆਂ ਸ਼ੇਅਰ ਕੀਤੀਆਂ ਹਨ।

Add a Comment

Your email address will not be published. Required fields are marked *