ਤੀਜੀ ਤਿਮਾਹੀ ’ਚ ਚੀਨ ਦੀ ਆਰਥਿਕ ਵਿਕਾਸ ਦਰ ਘਟ ਕੇ 4.9 ਫੀਸਦੀ ’ਤੇ

ਕਮਜ਼ੋਰ ਗਲੋਬਲ ਮੰਗ, ਰੀਅਲ ਅਸਟੇਟ ਖੇਤਰ ਵਿਚ ਸੰਕਟ ਅਤੇ ਮਹਿੰਗਾਈ ਦੇ ਦਬਾਅ ਦਰਮਿਆਨ ਚੀਨ ਦੀ ਅਰਥਵਿਵਸਥਾ ਦੀ ਵਿਕਾਸ ਦਰ ‘ਚ ਚਾਲੂ ਵਿੱਤੀ ਸਾਲ ਦੀ ਤੀਜੀ (ਜੁਲਾਈ-ਸਤੰਬਰ) ਤਿਮਾਹੀ ਵਿਚ ਗਿਰਾਵਟ ਆਈ ਹੈ। ਤੀਜੀ ਤਿਮਾਹੀ ਵਿਚ ਚੀਨ ਦੀ ਅਰਥਵਿਵਸਥਾ 4.9 ਫੀਸਦੀ ਦੀ ਦਰ ਨਾਲ ਵਧੀ ਹੈ। ਅੰਕੜਿਆਂ ਮੁਤਾਬਕ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਦੀ ਆਰਥਿਕ ਵਿਕਾਸ ਦਰ ਤੀਜੀ ਤਿਮਾਹੀ ਵਿਚ 4.9 ਫੀਸਦੀ ਰਹੀ ਹੈ ਜੋ ਵਿਸ਼ਲੇਸ਼ਕਾਂ ਦੇ 4.5 ਫੀਸਦੀ ਦੇ ਅਨੁਮਾਨ ਨਾਲੋਂ ਵੱਧ ਹੈ।

ਹਾਲਾਂਕਿ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਅੰਕੜਿਆਂ ਨਾਲੋਂ ਚੀਨ ਦੀ ਵਿਕਾਸ ਦਰ ਸੁਸਤ ਪਈ ਹੈ। ਪਿਛਲੇ ਸਾਲ ਇਸੇ ਤਿਮਾਹੀ ਵਿਚ ਚੀਨ ਦੀ ਅਰਥਵਿਵਸਥਾ 6.3 ਫੀਸਦੀ ਦੀ ਦਰ ਨਾਲ ਵਧੀ ਸੀ। ਤਿਮਾਹੀ ਆਧਾਰ ’ਤੇ ਤੀਜੀ ਤਿਮਾਹੀ ਵਿਚ ਚੀਨ ਦੀ ਵਿਕਾਸ ਦਰ 1.3 ਫੀਸਦੀ ਰਹੀ ਹੈ ਜਦ ਕਿ ਅਪ੍ਰੈਲ-ਜੂਨ ਤਿਮਾਹੀ ਇਹ 0.8 ਫੀਸਦੀ ਰਹੀ ਸੀ। ਚਾਲੂ ਸਾਲ ਦੇ ਪਹਿਲੇ 9 ਮਹੀਨਿਆਂ ਵਿਚ ਚੀਨ ਦੀ ਅਰਥਵਿਵਸਥਾ 5.2 ਫੀਸਦੀ ਦੀ ਦਰ ਨਾਲ ਵਧੀ ਹੈ। ਚੀਨ ਨੇ 2023 ਲਈ ਆਰਥਿਕ ਵਿਕਾਸ ਦਾ ਟੀਚਾ 5 ਫੀਸਦੀ ਦਾ ਰੱਖਿਆ ਹੈ।

ਨੈਸ਼ਨਲ ਸਟੈਟਿਕਸ ਆਫਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਾਹਰੀ ਮਾਹੌਲ ਹੁਣ ਵਧੇਰੇ ਗੁੰਝਲਦਾਰ ਹੋ ਰਿਹਾ ਹੈ। ਇਸ ਤੋਂ ਇਲਾਵਾ ਘਰੇਲੂ ਮੰਗ ਵੀ ਕਮਜ਼ੋਰ ਬਣੀ ਹੋਈ ਹੈ। ਚੀਨ ਦੀ ਸਰਕਾਰ ਨੇ ਬੀਤੇ ਕੁੱਝ ਮਹੀਨਿਆਂ ‘ਚ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਕਈ ਨੀਤੀਗਤ ਕਦਮ ਉਠਾਏ ਹਨ। ਰੀਅਲ ਅਸਟੇਟ ਖੇਤਰ ਨੂੰ ਮੁੜ ਖੜ੍ਹਾ ਕਰਨ ਦੇ ਯਤਨ ਦੇ ਤਹਿਤ ਬੁਨਿਆਦੀ ਢਾਂਚੇ ’ਤੇ ਖਰਚਾ ਵਧਾਇਆ ਗਿਆ ਹੈ, ਵਿਆਜ ਦਰਾਂ ਵਿਚ ਕਟੌਤੀ ਕੀਤੀ ਗਈ ਹੈ ਅਤੇ ਘਰ ਖਰੀਦਣ ਲਈ ਪਾਬੰਦੀਆਂ ’ਚ ਢਿੱਲ ਦਿੱਤੀ ਗਈ ਹੈ।

Add a Comment

Your email address will not be published. Required fields are marked *