ਪਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਕਿ ਮੈਂ ਉਨ੍ਹਾਂ ਕੋਲੋਂ ਅਡਾਨੀ ਬਾਰੇ ਸਵਾਲ ਪੁੱਛਾਂ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਪ੍ਰਧਾਨ ਸ਼ਰਦ ਪਵਾਰ ਦੀ ਉਦਯੋਗਪਤੀ ਗੌਤਮ ਅਡਾਨੀ ਨਾਲ ਮੁਲਾਕਾਤਾਂ ਬਾਰੇ ਕਿਹਾ ਹੈ ਕਿ ਪਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਹਨ ਅਤੇ ਅਡਾਨੀ ਦਾ ਬਚਾਅ ਵੀ ਨਹੀਂ ਕਰ ਰਹੇ, ਇਸ ਲਈ ਮੈਂ ਉਨ੍ਹਾਂ ਕੋਲੋਂ ਇਸ ਸਬੰਧੀ ਸਵਾਲ ਨਹੀਂ ਪੁੱਛ ਸਕਦਾ।

ਉਨ੍ਹਾਂ ਬੁੱਧਵਾਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਡਾਨੀ ਦਾ ਬਚਾਅ ਕਰ ਰਹੇ ਹਨ, ਇਸੇ ਲਈ ਉਹ ਉਨ੍ਹਾਂ ਤੋਂ ਸਵਾਲ ਪੁੱਛਦੇ ਹਨ। ਰਾਹੁਲ ਗਾਂਧੀ ਨੇ ਬ੍ਰਿਟਿਸ਼ ਅਖਬਾਰ ‘ਫਾਈਨੈਂਸ਼ੀਅਲ ਟਾਈਮਜ਼’ ’ਚ ਅਡਾਨੀ ਗਰੁੱਪ ਨਾਲ ਜੁੜੀ ਇਕ ਖਬਰ ਦੇ ਛਪੀ ਹੋਣ ਦਾ ਹਵਾਲਾ ਦਿੰਦੇ ਹੋਏ ਇਸ ਕਾਰੋਬਾਰੀ ਗਰੁੱਪ ’ਤੇ ਕੋਲੇ ਦੀ ਦਰਾਮਦ ’ਚ ਜ਼ਿਆਦਾ ਕੀਮਤ ਵਿਖਾ ਕੇ 12,000 ਕਰੋੜ ਰੁਪਏ ਦੀ ਚੋਰੀ’ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਵੀ ਸਵਾਲ ਕੀਤਾ ਕਿ ਅਡਾਨੀ ਗਰੁੱਪ ’ਤੇ ਲੱਗੇ ਦੋਸ਼ਾਂ ਦੀ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ?

ਇਸ ਸੰਦਰਭ ਵਿਚ ਕਾਂਗਰਸੀ ਆਗੂ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਐੱਨ. ਸੀ. ਪੀ. ਦੇ ਪ੍ਰਧਾਨ ਨੂੰ ਪੁੱਛਿਆ ਹੈ ਕਿ ਉਹ ਵਾਰ-ਵਾਰ ਅਡਾਨੀ ਨੂੰ ਕਿਉਂ ਮਿਲਦੇ ਹਨ ਤਾਂ ਰਾਹੁਲ ਨੇ ਕਿਹਾ ਮੈਂ ਪਵਾਰ ਨੂੰ ਇਹ ਸਵਾਲ ਨਹੀਂ ਪੁੱਛਿਆ। ਸ਼ਰਦ ਪਵਾਰ ਜੀ ਭਾਰਤ ਦੇ ਪ੍ਰਧਾਨ ਮੰਤਰੀ ਨਹੀਂ ਹਨ, ਸ਼ਰਦ ਪਵਾਰ ਜੀ ਅਡਾਨੀ ਦਾ ਬਚਾਅ ਹੀਂ ਕਰ ਰਹੇ। ਮੋਦੀ ਜੀ ਪ੍ਰਧਾਨ ਮੰਤਰੀ ਹਨ,  ਇਸ ਲਈ ਮੈਂ ਇਹ ਸਵਾਲ ਮੋਦੀ ਜੀ ਨੂੰ ਪੁੱਛਦਾ ਹਾਂ ਨਾ ਕਿ ਸ਼ਰਦ ਪਵਾਰ ਜੀ ਨੂੰ। ਜੇ ਸ਼ਰਦ ਪਵਾਰ ਜੀ ਭਾਰਤ ਦੇ ਪ੍ਰਧਾਨ ਮੰਤਰੀ ਹੁੰਦੇ ਅਤੇ ਅਡਾਨੀ ਦੀ ਰੱਖਿਆ ਕਰ ਰਹੇ ਹੁੰਦੇ ਤਾਂ ਮੈਂ ਸ਼ਰਦ ਪਵਾਰ ਜੀ ਨੂੰ ਸਵਾਲ ਪੁੱਛਦਾ।

Add a Comment

Your email address will not be published. Required fields are marked *