ਕੈਂਸਰ ਤੋਂ ਜੰਗ ਹਾਰੀ ਸਾਬਕਾ ਮਿਸ ਵਰਲਡ ਮੁਕਾਬਲੇਬਾਜ਼

ਮੁੰਬਈ : ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਲੋਕਾਂ ‘ਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਦਰਅਸਲ, ਹਾਲ ਹੀ ‘ਚ ਸਾਬਕਾ ਮਿਸ ਵਰਲਡ ਪ੍ਰਤੀਯੋਗੀ ਸ਼ੇਰਿਕਾ ਡੀ ਅਰਮਾਸ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੇਰਿਕਾ ਨੇ ਸਾਲ 2015 ‘ਚ ‘ਮਿਸ ਵਰਲਡ’ ਮੁਕਾਬਲੇ ‘ਚ ਉਰੂਗਵੇ ਦੀ ਪ੍ਰਤੀਨਿਧਤਾ ਕੀਤੀ ਸੀ। ਨਿਊਯਾਰਕ ਦੀ ਰਿਪੋਰਟ ਮੁਤਾਬਕ, ਸ਼ੇਰਿਕਾ ਡੀ ਆਰਮਾਸ ਸਰਵਾਈਕਲ ਕੈਂਸਰ ਤੋਂ ਪੀੜਤ ਸੀ, ਜਿਸ ਦੀ ਲੜਾਈ ਉਹ ਹਮੇਸ਼ਾ ਲਈ ਹਾਰ ਗਈ। 

ਦੱਸ ਦਈਏ ਕਿ ਸ਼ੇਰਿਕਾ ਦੀ ਮੌਤ 13 ਅਕਤੂਬਰ ਨੂੰ ਹੋਈ ਸੀ, ਹਾਲੇ ਉਸ ਦੀ ਉਮਰ ਸਿਰਫ਼ 26 ਸਾਲ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ੇਰਿਕਾ ਨੇ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਵੀ ਕਰਵਾਈ ਸੀ ਪਰ ਉਹ ਕੈਂਸਰ ਨੂੰ ਮਾਤ ਨਾ ਦੇ ਸਕੀ ਤੇ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈ। ਸ਼ੇਰਿਕਾ ਡੀ ਅਰਮਾਸ ਦੀ ਮੌਤ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਉਰੂਗਵੇ ਅਤੇ ਦੁਨੀਆ ਭਰ ‘ਚ ਸੋਗ ਦੀ ਲਹਿਰ ਦੌੜ ਗਈ ਹੈ। 

ਦੱਸਣਯੋਗ ਹੈ ਕਿ 26 ਸਾਲ ਦੀ ਸ਼ੇਰਿਕਾ ਡੀ ਅਰਮਾਸ ਸਾਲ 2015  ‘ਚ ਚੀਨ ‘ਚ ਹੋਏ ‘ਮਿਸ ਵਰਲਡ ਮੁਕਾਬਲੇ’ ‘ਚ ਟਾਪ 30 ‘ਚ ਸਿਰਫ਼ ਛੇ 18 ਸਾਲ ਦੀ ਕੁੜੀਆਂ ‘ਚੋਂ ਇੱਕ ਸੀ। ਉਸ ਨੇ ਆਪਣੀ ਮੇਕ-ਅੱਪ ਲਾਈਨ ਵੀ ਸ਼ੁਰੂ ਕੀਤੀ ਅਤੇ ਸ਼ੇ ਡੀ ਆਰਮਾਸ ਸਟੂਡੀਓ ਦੇ ਨਾਂ ਹੇਠ ਵਾਲਾਂ ਅਤੇ ਪਰਸਨਲ ਕੇਅਰ ਦੇ ਉਤਪਾਦ ਵੇਚੇ। ਮਾਡਲ ਆਪਣਾ ਸਮਾਂ ਪੇਰੇਜ਼ ਸਕ੍ਰੈਮਿਨੀ ਫਾਊਂਡੇਸ਼ਨ ਨੂੰ ਵੀ ਸਮਰਪਿਤ ਕਰਦੀ ਹੈ, ਜੋ ਕੈਂਸਰ ਤੋਂ ਪੀੜਤ ਬੱਚਿਆਂ ਦਾ ਇਲਾਜ ਕਰਦੀ ਹੈ। 

Add a Comment

Your email address will not be published. Required fields are marked *