ਫਿਨਲੈਂਡ ਦੇ ਸਾਬਕਾ ਰਾਸ਼ਟਰਪਤੀ ਮਾਰਟੀ ਅਹਤਿਸਾਰੀ ਦਾ ਦਿਹਾਂਤ

ਹੇਲਸਿੰਕੀ – ਅੰਤਰਰਾਸ਼ਟਰੀ ਵਿਵਾਦਾਂ ਨੂੰ ਸੁਲਝਾਉਣ ਵਿੱਚ ਯੋਗਦਾਨ ਲਈ 2008 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਫਿਨਲੈਂਡ ਦੇ ਸਾਬਕਾ ਰਾਸ਼ਟਰਪਤੀ ਮਾਰਟੀ ਅਹਤਿਸਾਰੀ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਹਿੰਸਕ ਝਗੜਿਆਂ ਨੂੰ ਰੋਕਣ ਅਤੇ ਹੱਲ ਕਰਨ ਲਈ ਅਹਤਿਸਾਰੀ ਦੁਆਰਾ ਸਥਾਪਿਤ ਕੀਤੀ ਗਈ ਫਾਊਂਡੇਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੋਮਵਾਰ ਨੂੰ ਉਸਦੀ ਮੌਤ ਹੋ ਗਈ। ਬਿਆਨ ਵਿੱਚ ਕਿਹਾ ਗਿਆ ਕਿ ਫਾਊਂਡੇਸ਼ਨ “ਆਪਣੇ ਸੰਸਥਾਪਕ ਅਤੇ ਬੋਰਡ ਚੇਅਰਮੈਨ ਦੇ ਦੇਹਾਂਤ ਨਾਲ ਬਹੁਤ ਦੁਖੀ ਹੈ।” 

2021 ਵਿੱਚ ਇਹ ਘੋਸ਼ਣਾ ਕੀਤੀ ਗਈ ਸੀ ਕਿ ਅਹਤਿਸਾਰੀ ਅਲਜ਼ਾਈਮਰ ਤੋਂ ਪੀੜਤ ਸੀ। ਅਹਤਿਸਾਰੀ ਨੇ 1990 ਦੇ ਦਹਾਕੇ ਦੇ ਅਖੀਰ ਵਿੱਚ ਕੋਸੋਵੋ ਤੋਂ ਸਰਬੀਆ ਦੀ ਵਾਪਸੀ, 1980 ਦੇ ਦਹਾਕੇ ਵਿੱਚ ਨਾਮੀਬੀਆ ਦੀ ਆਜ਼ਾਦੀ ਦੀ ਕੋਸ਼ਿਸ਼ ਅਤੇ 2005 ਵਿੱਚ ਇੰਡੋਨੇਸ਼ੀਆ ਵਿੱਚ ਆਚੇ ਪ੍ਰਾਂਤ ਦੀ ਖੁਦਮੁਖਤਿਆਰੀ ਨਾਲ ਸਬੰਧਤ ਸ਼ਾਂਤੀ ਸਮਝੌਤੇ ਕਰਾਉਣ ਵਿੱਚ ਮਦਦ ਕੀਤੀ ਸੀ। ਉਹ 1990 ਦੇ ਦਹਾਕੇ ਦੇ ਅਖੀਰ ਵਿੱਚ ਉੱਤਰੀ ਆਇਰਲੈਂਡ ਦੀ ਸ਼ਾਂਤੀ ਪ੍ਰਕਿਰਿਆ ਵਿੱਚ ਵੀ ਸ਼ਾਮਲ ਸੀ। 

ਉਸ ਨੂੰ ਅੱਤਵਾਦੀ ਸਮੂਹ ਆਈਆਰਏ (ਆਇਰਿਸ਼ ਰਿਪਬਲਿਕਨ ਆਰਮੀ) ਦੀ ਨਿਸ਼ਸਤਰੀਕਰਨ ਪ੍ਰਕਿਰਿਆ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਜਦੋਂ ਅਕਤੂਬਰ 2008 ਵਿੱਚ ਨਾਰਵੇਜਿਅਨ ਨੋਬਲ ਸ਼ਾਂਤੀ ਕਮੇਟੀ ਨੇ ਅਹਤਿਸਾਰੀ ਨੂੰ ਇਨਾਮ ਲਈ ਚੁਣਿਆ ਤਾਂ ਇਸਨੇ “ਕਈ ਮਹਾਂਦੀਪਾਂ ਵਿੱਚ ਅਤੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਅੰਤਰਰਾਸ਼ਟਰੀ ਸੰਘਰਸ਼ਾਂ ਨੂੰ ਸੁਲਝਾਉਣ ਵਿੱਚ ਉਸਦੇ ਮਹੱਤਵਪੂਰਨ ਯਤਨਾਂ” ਦਾ ਜ਼ਿਕਰ  ਕੀਤਾ ਸੀ। ਅਹਤਿਸਾਰੀ 1994 ਤੋਂ 2000 ਤੱਕ ਫਿਨਲੈਂਡ ਦੇ ਰਾਸ਼ਟਰਪਤੀ ਰਹੇ। ਬਾਅਦ ਵਿੱਚ ਉਸਨੇ ਇੱਕ ਸੰਕਟ ਪ੍ਰਬੰਧਨ ਪਹਿਲਕਦਮੀ ਦੀ ਸਥਾਪਨਾ ਕੀਤੀ, ਜਿਸਦਾ ਉਦੇਸ਼ ਗੈਰ ਰਸਮੀ ਗੱਲਬਾਤ ਅਤੇ ਵਿਚੋਲਗੀ ਦੁਆਰਾ ਹਿੰਸਕ ਟਕਰਾਵਾਂ ਨੂੰ ਰੋਕਣਾ ਅਤੇ ਹੱਲ ਕਰਨਾ ਹੈ।  

Add a Comment

Your email address will not be published. Required fields are marked *