ਬੰਦੀਆਂ ਨੂੰ ਰਿਹਾਅ ਕਰਨ ਲਈ ਸਹਿਮਤ ਹੋਇਆ ਹਮਾਸ

ਇਜ਼ਰਾਈਲ-ਹਮਾਸ ਜੰਗ ’ਚ ਸੋਮਵਾਰ ਨੂੰ ਨਵਾਂ ਮੋੜ ਆ ਗਿਆ। ਇਜ਼ਰਾਈਲੀ ਹਮਲਿਆਂ ਤੋਂ ਘਬਰਾਇਆ ਹਮਾਸ ਬੰਦੀਆਂ ਨੂੰ ਰਿਹਾਅ ਕਰਨ ਲਈ ਤਿਆਰ ਹੋ ਗਿਆ ਹੈ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਾਸਿਰ ਕਨਾਨੀ ਨੇ ਤਹਿਰਾਨ ’ਚ ਇਕ ਪ੍ਰੈੱਸ ਕਾਨਫਰੰਸ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਮਾਸ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਫੜੇ ਗਏ ਨਾਗਰਿਕਾਂ ਨੂੰ ਰਿਹਾਅ ਕਰਨ ਲਈ ਤਿਆਰ ਹਨ ਪਰ ਇਸ ਦੇ ਲਈ ਇਜ਼ਰਾਈਲ ਨੂੰ ਬੰਬਾਰੀ ਰੋਕਣੀ ਪਵੇਗੀ। ਜੇ ਇਜ਼ਰਾਈਲ ਹਵਾਈ ਹਮਲੇ ਰੋਕ ਦਿੰਦਾ ਹੈ ਤਾਂ ਅਸੀਂ ਸਾਰੇ 200 ਬੰਦੀਆਂ ਨੂੰ ਰਿਹਾਅ ਕਰ ਦੇਵਾਂਗੇ। ਹਾਲਾਂਕਿ, ਹਮਾਸ ਨੇ ਅਜੇ ਤੱਕ ਸਿੱਧੇ ਤੌਰ ’ਤੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

ਉੱਧਰ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਜ਼ਰਾਈਲ ਗਾਜ਼ਾ ਪੱਟੀ ’ਤੇ ਹਮਲੇ ਜਾਰੀ ਰੱਖੇਗਾ ਤਾਂ ਸੰਘਰਸ਼ ਹੋਰ ਵਧੇਗਾ। ਇਸ ਦਰਮਿਆਨ ਇਜ਼ਰਾਇਲੀ ਫ਼ੌਜ ਨੇ ਕਿਹਾ ਹੈ ਕਿ ਹਮਾਸ ਅਤੇ ਹੋਰ ਫਿਲਸਤੀਨੀ ਅੱਤਵਾਦੀਆਂ ਨੇ ਗਾਜ਼ਾ ’ਚ 199 ਲੋਕਾਂ ਨੂੰ ਬੰਦੀ ਬਣਾਇਆ ਹੋਇਆ ਹੈ ਅਤੇ ਇਹ ਗਿਣਤੀ ਪਿਛਲੇ ਅੰਦਾਜ਼ਿਆਂ ਨਾਲੋਂ ਵੱਧ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਈਰਾਨ ਅਤੇ ਹਿਜ਼ਬੁੱਲਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਉੱਤਰ ’ਚ ‘ਸਾਡੀ ਪ੍ਰੀਖਿਆ’ ਨਾ ਲੈਣ। ਨੇਤਨਯਾਹੂ ਨੇ ਕਿਹਾ ਕਿ ਹਮਾਸ ਨੂੰ ਹਰਾਉਣ ਲਈ ਦੁਨੀਆ ਨੂੰ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਜੰਗ ਤੁਹਾਡੀ ਵੀ ਜੰਗ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਹਮਾਸ ਦੀ ਤੁਲਨਾ ਨਾਜ਼ੀਆਂ ਨਾਲ ਕੀਤੀ।

ਉੱਥੇ ਹੀ ਹਮਾਸ ਦੇ ਘਾਤਕ ਹਮਲੇ ਤੋਂ ਬਾਅਦ ਇਸ ਅੱਤਵਾਦੀ ਸੰਗਠਨ ਦੇ ਸਰਗਨਾ ਦੇ ਖਾਤਮੇ ਲਈ ਇਜ਼ਰਾਈਲ ਵੱਲੋਂ ਜ਼ਮੀਨੀ ਹਮਲੇ ਕੀਤੇ ਜਾਣ ਦੇ ਖਦਸ਼ੇ ਦੇ ਮੱਦੇਨਜ਼ਰ ਗਾਜ਼ਾ ਪੱਟੀ ’ਚ 10 ਲੱਖ ਤੋਂ ਵੱਧ ਲੋਕ ਆਪਣੇ ਘਰ ਛੱਡ ਕੇ ਚਲੇ ਗਏ ਹਨ। 7 ਅਕਤੂਬਰ ਤੋਂ ਸ਼ੁਰੂ ਹੋਈ ਇਸ ਜੰਗ ’ਚ ਦੋਵਾਂ ਪਾਸਿਆਂ ਦੇ 4,655 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ 2,800 ਫਿਲਸਤੀਨੀਆਂ ਦੀ ਮੌਤ ਹੋ ਗਈ ਹੈ ਅਤੇ 10,000 ਤੋਂ ਵੱਧ ਜ਼ਖਮੀ ਹਨ। ਇਜ਼ਰਾਈਲ ਅਨੁਸਾਰ, ਉਸ ਦੇ 1,855 ਤੋਂ ਵੱਧ ਨਾਗਰਿਕਾਂ ਦੀ ਮੌਤ ਹੋ ਗਈ ਹੈ।

Add a Comment

Your email address will not be published. Required fields are marked *