ਰਿਸ਼ੀ ਸੁਨਕ ਨੇ ਲੰਡਨ ਦੇ ਸਕੂਲ ਦਾ ਕੀਤਾ ਦੌਰਾ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸੋਮਵਾਰ ਨੂੰ ਇਜ਼ਰਾਈਲ-ਗਾਜ਼ਾ ਸੰਘਰਸ਼ ਦੌਰਾਨ ਲੰਡਨ ਦੇ ਇਕ ਯਹੂਦੀ ਸਕੂਲ ਦਾ ਦੌਰਾ ਕੀਤਾ। ਉਨ੍ਹਾਂ ਦੇਸ਼ ਦੇ ਯਹੂਦੀਆਂ ਨੂੰ ਉਨ੍ਹਾਂ ਦੇ ਖ਼ਿਲਾਫ਼ ਹਮਲਿਆਂ ਤੋਂ ਬਚਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਰਿਸ਼ੀ ਸੁਨਕ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇਜ਼ਰਾਈਲ ਦੀ ਮੁਹਿੰਮ ਨੂੰ ਅੱਤਵਾਦੀ ਸਮੂਹ ਹਮਾਸ ‘ਤੇ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਖੇਤਰ ‘ਚ ਸੰਘਰਸ਼ ਵਧਣ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਬ੍ਰਿਟੇਨ ਨੇ ਭੂ-ਮੱਧ ਸਾਗਰ ਖੇਤਰ ‘ਚ ਜਾਸੂਸੀ ਜਹਾਜ਼ ਤਾਇਨਾਤ ਕੀਤੇ ਹਨ ਤਾਂ ਕਿ ਸੰਘਰਸ਼ ‘ਤੇ ਨਜ਼ਰ ਰੱਖੀ ਜਾ ਸਕੇ ਅਤੇ ਹਥਿਆਰਾਂ ਦੀ ਖੇਪ ਨੂੰ ਅੱਤਵਾਦੀਆਂ ਦੇ ਹੱਥਾਂ ‘ਚ ਜਾਣ ਤੋਂ ਰੋਕਿਆ ਜਾ ਸਕੇ।

ਰਿਸ਼ੀ ਸੁਨਕ ਨੇ ਉੱਤਰੀ ਲੰਡਨ ਦੇ ਇਕ ਯਹੂਦੀ ਸਕੂਲ ਦੇ ਦੌਰੇ ਦੌਰਾਨ ਕਿਹਾ, “ਮੈਂ ਇਹ ਯਕੀਨੀ ਬਣਾਉਣ ਲਈ ਦ੍ਰਿੜ੍ਹ ਹਾਂ ਕਿ ਸਾਡਾ ਯਹੂਦੀ ਭਾਈਚਾਰਾ ਸਾਡੀਆਂ ਸੜਕਾਂ ‘ਤੇ ਸੁਰੱਖਿਅਤ ਮਹਿਸੂਸ ਕਰ ਸਕੇ, ਯਹੂਦੀਆਂ ਦੇ ਵਿਰੋਧੀਆਂ ਲਈ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ ਹੈ ਤੇ ਅਸੀਂ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।” ਉਹ ਸਕੂਲ ਵਿੱਚ ਮੌਜੂਦ ਲੋਕਾਂ ਦੇ ਕੁਝ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਸੈਕੰਡਰੀ ਸਕੂਲ ‘ਚ ਇਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਉਨ੍ਹਾਂ ਕਿਹਾ, “ਮੈਂ ਨਾ ਸਿਰਫ ਅੱਜ ਬਲਕਿ ਹਮੇਸ਼ਾ ਯਹੂਦੀ ਭਾਈਚਾਰੇ ਦੇ ਨਾਲ ਹਾਂ ਅਤੇ ਮੈਂ ਇਸ ਲਈ ਹਮੇਸ਼ਾ ਵਚਨਬੱਧ ਹਾਂ।”

ਬ੍ਰਿਟਿਸ਼ ਦੇ ਪੀਐੱਮ ਰਿਸ਼ੀ ਸੁਨਕ ਨੇ ਕਿਹਾ ਕਿ ਕੁਝ ਲੋਕ ਨਫ਼ਰਤ ਅਤੇ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਮੈਂ ਹਮੇਸ਼ਾ ਇਸ ਵਿਭਿੰਨਤਾ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗਾ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਕਿਹਾ, “ਮੈਂ ਬ੍ਰਿਟੇਨ ਵਿੱਚ ਯਹੂਦੀ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹਾਂ। ਧਰਮ-ਵਿਰੋਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਨੇ ਫਿਲਸਤੀਨ ਪੱਖੀ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਲਈ ਪੁਲਸ ਨੂੰ ਸਾਰੇ ਹਥਿਆਰ ਅਤੇ ਜ਼ਰੂਰੀ ਨਿਰਦੇਸ਼ ਦਿੱਤੇ ਹਨ।”

Add a Comment

Your email address will not be published. Required fields are marked *