ਭਾਰਤ-ਸ਼੍ਰੀਲੰਕਾ ਵਿਚਾਲੇ 40 ਸਾਲ ਬਾਅਦ ਮੁੜ ਸ਼ੁਰੂ ਹੋਈ ‘ਫੈਰੀ ਸਰਵਿਸ’

ਨਵੀਂ ਦਿੱਲੀ : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਬਿਹਤਰ ਕੁਨੈਕਟੀਵਿਟੀ ਲਈ ਲਗਭਗ 4 ਦਹਾਕਿਆਂ ਬਾਅਦ ਨਵਾਂ ਰੂਟ ਸ਼ੁਰੂ ਕੀਤਾ ਗਿਆ ਹੈ। ਪਹਿਲਾਂ ਵਰਤਿਆ ਜਾਣ ਵਾਲਾ ਤਾਮਿਲਨਾਡੂ ਤੋਂ ਸ਼੍ਰੀਲੰਕਾ ਦੇ ਜੱਫਨਾ ਤੱਕ ਜਾਣ ਵਾਲਾ ਰੂਟ ਸ਼੍ਰੀਲੰਕਾ ਅੰਦਰ ਘਰੇਲੂ ਮਸਲਿਆਂ ਕਾਰਨ ਬੰਦ ਕਰ ਦਿੱਤਾ ਗਿਆ ਸੀ। ਕਨਕੇਸੰਤੁਰਾਈ ਰਾਹੀਂ ਜਾਣ ਵਾਲੇ ਇਸ ਨਵੇਂ ਰੂਟ ਦੇ ਬਣਨ ਨਾਲ ਵਪਾਰ ਅਤੇ ਸਫਰ ਦੇ ਵੀ ਵਧਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਪ੍ਰਾਜੈਕਟ ਦੀ ਦੀ ਚਰਚਾ ਜੁਲਾਈ ‘ਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਦੀ ਭਾਰਤ ਯਾਤਰਾ ਦੌਰਾਨ ਹੋਈ ਸੀ। ਇਸ ਯੋਜਨਾ ਦਾ ਮੁੱਖ ਮੰਤਵ ਆਰਥਿਕ ਭਾਈਚਾਰੇ ਨੂੰ ਉਤਸਾਹਿਤ ਕਰਨ, ਜਲ, ਹਵਾਈ ਅਤੇ ਉਰਜਾ ਦੀ ਕੁਨੈਕਟੀਵਿਟੀ ਨੂੰ ਬਿਹਤਰ ਬਣਾਉਣ ਨੂੰ ਮੰਨਿਆ ਜਾ ਰਿਹਾ ਹੈ। 

ਉਸ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਵਿਕਰਮਸਿੰਘੇ ਨੇ ਪਿਛਲੇ ਸਮੇਂ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਦੇ ਸੱਭਿਆਚਾਰਕ ਅਤੇ ਵਪਾਰਕ ਰਿਸ਼ਤਿਆਂ ਨੂੰ ਯਾਦ ਕਰਦੇ ਹੋਏ ਦੋਵਾਂ ਦੇਸ਼ਾਂ ਵਿਚਾਲੇ ਵਧੀਆ ਕੁਨੈਕਟੀਵਿਟੀ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਆਰਥਿਕ ਅਤੇ ਰਾਜਨੀਤਿਕ ਪੱਧਰ ‘ਤੇ ਕਿਸ਼ਤੀਆਂ ਨੂੰ ਵਪਾਰ, ਟੂਰਿਜ਼ਮ ਅਤੇ ਸੰਪਰਕ ਸਥਾਪਤ ਕਰਨ ਦਾ ਨਵਾਂ ਜ਼ਰੀਆ ਦੱਸਿਆ। ਉਨ੍ਹਾਂ ਨੇ ਇਹ ਵੀ ਦੱਸਿਆ ਦਿੱਲੀ ਤੋਂ ਕੋਲੰਬੋ ਦੀ ਸਿੱਧੀ ਉਡਾਣ ਵੀ 2015 ‘ਚ ਸ਼ੁਰੂ ਕਰ ਦਿੱਤੀ ਗਈ ਸੀ, ਜਦਕਿ ਚੇਨਈ ਤੋਂ ਜੱਫਨਾ ਵਿਚਕਾਰ ਫਲਾਈਟ 2019 ‘ਚ ਸ਼ੁਰੂ ਹੋਈ ਸੀ। 

ਇਸ ਬਾਰੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਇਸ ਖੇਤਰ ‘ਚ ਦੋਵਾਂ ਦੇਸ਼ਾਂ ਦੀ ਭਾਈਵਾਲੀ ਨਾਲ ਦੋਵਾਂ ਦੇਸ਼ਾਂ ਦੇ ਵਪਾਰਕ ਅਤੇ ਸੱਭਿਆਚਾਰਕ ਰਿਸ਼ਤਿਆਂ ‘ਚ ਕਾਫ਼ੀ ਸੁਧਾਰ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਉੱਤਰ ‘ਚ ਚੱਲ ਰਹੀਆਂ ਜੰਗਾਂ ਕਾਰਨ ਜ਼ਰਾ ਡਾਵਾਡੋਲ ਹੋ ਗਏ ਸਨ, ਪਰ ਹੁਣ ਸਥਿਤੀ ਪਹਿਲਾਂ ਵਾਂਗ ਆਮ ਹੋ ਗਈ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਸਮੁੰਦਰੀ ਰਸਤੇ ਰਾਹੀਂ ਸਬੰਧ ਸੁਧਾਰੇ ਜਾ ਸਕਦੇ ਹਨ। ਦੱਸ ਦੇਈਏ ਕਿ ਪਹਿਲਾ ਰੂਟ 1980 ‘ਚ ਲੁਟੇਰਿਆਂ ਦੇ ਹਮਲਿਆਂ ਕਾਰਨ ਸ਼੍ਰੀਲੰਕਾ ਦੀ ਜਲ ਸੈਨਾ ਵੱਲੋਂ ਕਨਕੇਸੰਤੁਰਾਈ ਬੰਦਰਗਾਹ ਨੂੰ ਬੰਦ ਕਰ ਦਿੱਤਾ ਗਿਆ ਸੀ। 

Add a Comment

Your email address will not be published. Required fields are marked *