ਮਹਾਰਾਣੀ ਦੀਆਂ ਅੰਤਿਮ ਰਸਮਾਂ ’ਚ ਸ਼ਾਮਲ ਹੋਣ ਲਈ ਰੂਸ ਨੂੰ ਨਹੀਂ ਮਿਲਿਆ ਸੱਦਾ

ਲੰਡਨ, 13 ਸਤੰਬਰ– ਬਰਤਾਨੀਆ ਦੀ ਮਰਹੂਮ ਮਹਾਰਾਣੀ ਐਲਿਜ਼ਾਬੈੱਥ ਦੀਆਂ ਅਗਲੇ ਹਫ਼ਤੇ ਸੋਮਵਾਰ (19 ਸਤੰਬਰ) ਨੂੰ ਲੰਡਨ ਦੇ ਵੈਸਟਮਿੰਸਟਰ ਐਬੇ ਵਿਚ ਹੋਣ ਵਾਲੀਆਂ ਅੰਤਿਮ ਰਸਮਾਂ ਮੌਕੇ ਯੂਕੇ ਨੇ ਰੂਸ, ਬੇਲਾਰੂਸ ਤੇ ਮਿਆਂਮਾਰ ਨੂੰ ਸੱਦਾ ਨਾ ਭੇਜਣ ਦਾ ਫ਼ੈਸਲਾ ਲਿਆ ਹੈ। ਦੱਸਣਯੋਗ ਹੈ ਕਿ ਰੂਸ ਆਪਣੇ ਗੁਆਂਢੀ ਯੂਕਰੇਨ ਨਾਲ ਜੰਗ ਲੜ ਰਿਹਾ ਹੈ ਤੇ ਬੇਲਾਰੂਸ ਇਸ ਲੜਾਈ ਵਿਚ ਰੂਸ ਦਾ ਸਾਥ ਦੇ ਰਿਹਾ ਹੈ। ਜੁੰਟਾ ਦੇ ਸ਼ਾਸਨ ਅਧੀਨ ਚੱਲ ਰਹੇ ਮਿਆਂਮਾਰ ਨੂੰ ਵੀ ਇਸ ਮੌਕੇ ਆਪਣਾ ਪ੍ਰਤੀਨਿਧੀ ਨਾ ਭੇਜਣ ਲਈ ਕਿਹਾ ਗਿਆ ਹੈ। ਯੂਕੇ ਦੇ ਹਾਲੀਆ ਇਤਿਹਾਸ ਦੇ ਇਸ ਸਭ ਤੋਂ ਵੱਡੇ ਤੇ ਮਹੱਤਵਪੂਰਨ ਕੂਟਨੀਤਕ ਇਕੱਠ ਲਈ ਦੁਨੀਆ ਭਰ ਦੇ 500 ਆਗੂਆਂ ਨੂੰ ਸੱਦਾ ਭੇਜਿਆ ਗਿਆ ਹੈ। ਇਨ੍ਹਾਂ ਵਿਚ ਕਈ ਰਾਜੇ ਤੇ ਰਾਣੀਆਂ, ਸਰਕਾਰਾਂ ਦੇ ਮੁਖੀ ਸ਼ਾਮਲ ਹਨ। ਚੋਟੀ ਦੇ ਕਈ ਆਗੂਆਂ ਦੇ ਇਸ ਮੌਕੇ ਪੁੱਜਣ ਦੀ ਸੰਭਾਵਨਾ ਹੈ। ਸਰਕਾਰੀ ਪੱਧਰ ’ਤੇ ਇਸ ਤਰ੍ਹਾਂ ਦਾ ਅੰਤਿਮ ਸੰਸਕਾਰ ਇਸ ਤੋਂ ਪਹਿਲਾਂ 1965 ਵਿਚ ਕੀਤਾ ਗਿਆ ਸੀ। ਇਹ ਸਸਕਾਰ ਜੰਗ ਦੇ ਸਮੇਂ ਦੌਰਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਹੇ ਵਿੰਸਟਨ ਚਰਚਿਲ ਦਾ ਸੀ ਜੋ ਕਿ 57 ਸਾਲ ਪਹਿਲਾਂ ਹੋਇਆ ਸੀ। ‘ਦਿ ਟਾਈਮਜ਼’ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਪ੍ਰੋਟੋਕੋਲ ਤੋੜ ਕੇ ਨਾ ਤਾਂ ਰੂਸ ਨੂੰ ਸੱਦਾ ਦਿੱਤਾ ਗਿਆ ਹੈ ਤੇ ਨਾ ਹੀ ਬੇਲਾਰੂਸ ਨੂੰ ਸੱਦਿਆ ਗਿਆ ਹੈ।-ਪੀਟੀਆਈ

ਤਾਬੂਤ ਨੂੰ ਲੰਡਨ ਲਿਆਂਦਾ ਗਿਆ, ਇਕ ਝਲਕ ਲਈ ਹਜ਼ਾਰਾਂ ਲੋਕ ਜੁੜੇ

ਲੰਡਨ:ਮਹਾਰਾਣੀ ਐਲਿਜ਼ਾਬੈੱਥ ਦੀ ਮ੍ਰਿਤਕ ਦੇਹ ਵਾਲੇ ਤਾਬੂਤ ਨੂੰ ਅੱਜ ਸਕਾਟਲੈਂਡ ਦੇ ਐਡਿਨਬਰਗ ਤੋਂ ਲੰਡਨ ਲਿਆਂਦਾ ਗਿਆ। ਇਸ ਤੋਂ ਪਹਿਲਾਂ ਸੇਂਟ ਜਾਇਲਜ਼ ਕੈਥੇਡਰਲ ਵਿਚ ਤਾਬੂਤ ਦੀ ਇਕ ਝਲਕ ਪਾਉਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਜੁੜੇ। ਤਾਬੂਤ ਅੱਜ ਸੇਂਟ ਜਾਇਲਜ਼ ਕੈਥੇਡਰਲ ਤੋਂ ਤੁਰਿਆ। ਇਸ ਮੌਕੇ ਸ਼ਾਹੀ ਪਰਿਵਾਰ ਦੇ ਮੈਂਬਰ ਮੌਜੂਦ ਸਨ। ਰਾਜਕੁਮਾਰੀ ਐਨੀ ਦੀ ਹਾਜ਼ਰੀ ਵਿਚ ਤਾਬੂਤ ਨੂੰ ਅੱਜ ਸ਼ਾਮ ਰਾਇਲ ਏਅਰ ਫੋਰਸ ਦੇ ਜਹਾਜ਼ ਰਾਹੀਂ ਲੰਡਨ ਲਿਆਂਦਾ ਗਿਆ। ਭਲਕੇ ਇਕ ਰਸਮੀ ਸਮਾਰੋਹ ਰੱਖਿਆ ਗਿਆ ਹੈ। ਤਾਬੂਤ ਨੂੰ ਬਕਿੰਘਮ ਪੈਲੇਸ ਤੋਂ ਸੰਸਦ ’ਚ ਲਿਆਂਦਾ ਜਾਵੇਗਾ ਤੇ ਇਸ ਦੌਰਾਨ ਇਹ ਲੰਡਨ ਦੀਆਂ ਸਭ ਤੋਂ ਮਹੱਤਵਪੂਰਨ ਥਾਵਾਂ ਵਿਚੋਂ ਲੰਘੇਗਾ। ਭਲਕ ਤੋਂ ਲੈ ਕੇ ਸੋਮਵਾਰ ਨੂੰ ਆਖ਼ਰੀ ਰਸਮਾਂ ਵਾਲੇ ਦਿਨ ਤੱਕ ਲੋਕ ਮਹਾਰਾਣੀ ਦੇ ਅੰਤਿਮ ਦਰਸ਼ਨ ਕਰ ਸਕਣਗੇ।

Add a Comment

Your email address will not be published. Required fields are marked *