ਵਾਹਨ ਚਾਲਕਾਂ ਨੇ ਹੁਕਮਾਂ ਦੀ ਕੀਤੀ ਉਲੰਘਣਾ ਤਾਂ ਹੋਵੇਗੀ ਸਖ਼ਤ ਕਾਰਵਾਈ

ਫਿਰੋਜ਼ਪੁਰ- ਫਿਰੋਜ਼ਪੁਰ ਵਿਚ ਮੂੰਹ ਢੱਕ ਕੇ ਚੱਲਣ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਦਰਅਸਲ ਫਿਰੋਜ਼ਪੁਰ ‘ਚ ਮੂੰਹ ਢੱਕ ਕੇ ਵਾਹਨ ਚਲਾਉਣ ਅਤੇ ਪੈਦਲ ਚੱਲਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਰਾਜੇਸ਼ ਧੀਮਾਨ ਨੇ ਐੱਸ. ਐੱਸ. ਪੀ. ਫ਼ਿਰੋਜ਼ਪੁਰ ਵੱਲੋਂ ਲਿਖੇ ਪੱਤਰ ਦੇ ਆਧਾਰ ‘ਤੇ ਇਕ ਵਿਸ਼ੇਸ਼ ਹੁਕਮ ਜਾਰੀ ਕਰਦਿਆਂ ਜ਼ਿਲ੍ਹੇ ਭਰ ਵਿੱਚ ਆਮ ਲੋਕਾਂ ਨੂੰ ਵਾਹਨ ਚਲਾਉਣ ਜਾਂ ਪੈਦਲ ਚੱਲਣ ਸਮੇਂ ਮੂੰਹ ਢੱਕਣ ‘ਤੇ ਪਾਬੰਦੀ ਲਗਾਈ ਹੈ। ਪ੍ਰਸ਼ਾਸਨ ਵੱਲੋਂ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਗਏ ਇਹ ਹੁਕਮ 30 ਨਵੰਬਰ 2023  ਤੱਕ ਲਾਗੂ ਰਹਿਣਗੇ। ਬੀਮਾਰੀ ਜਾਂ ਐਲਰਜੀ ਵਾਲਿਆਂ ਨੂੰ ਛੋਟ ਮਿਲੇਗੀ। 

ਉਨ੍ਹਾਂ ਕਿਹਾ ਕਿ ਕਈ ਵਾਰ ਸਮਾਜ ਵਿਰੋਧੀ ਅਨਸਰ ਵਾਹਨ ਚਲਾਉਂਦੇ ਸਮੇਂ ਮੂੰਹ ਢੱਕ ਕੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਜਿਸ ਤੋਂ ਬਚਣ ਲਈ ਇਹ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਅਨੁਸਾਰ ਜੇਕਰ ਕੋਈ ਵਾਹਨ ਚਾਲਕ ਜਾਂ ਪੈਦਲ ਚੱਲਣ ਵਾਲਾ ਮੂੰਹ ਢਕ ਕੇ ਚੱਲਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਬੀਮਾਰੀ ਜਾਂ ਐਲਰਜੀ ਕਾਰਨ ਡਾਕਟਰੀ ਨਿਗਰਾਨੀ ਹੇਠ ਮਾਸਕ ਜਾਂ ਕੋਈ ਹੋਰ ਚੀਜ਼ ਪਾਉਂਦਾ ਹੈ ਤਾਂ ਉਸ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਜਾਵੇਗੀ।

Add a Comment

Your email address will not be published. Required fields are marked *