ਅਸ਼ਵਨੀ ਸ਼ਰਮਾ ’ਤੇ ਟਿੱਪਣੀ ਕਰਨੀ ਸਵਰਨ ਸਲਾਰੀਆ ਨੂੰ ਪਈ ਮਹਿੰਗੀ

ਜਲੰਧਰ –ਭਾਰਤੀ ਜਨਤਾ ਪਾਰਟੀ ਨੇ ਆਪਣੇ ਨੇਤਾ ਸਵਰਨ ਸਲਾਰੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ’ਤੇ ਪਾਰਟੀ ਵਿਰੋਧੀ ਸਰਗਰਮੀਆਂ ਅਤੇ ਅਨੁਸ਼ਾਸਨ ਭੰਗ ਕਰਨ ਦਾ ਦੋਸ਼ ਲਾਇਆ ਗਿਆ ਹੈ। ਪਾਰਟੀ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਸਵਰਨ ਸਲਾਰੀਆ ਨੂੰ 7 ਦਿਨਾਂ ਅੰਦਰ ਜਵਾਬ ਦੇਣ ਲਈ ਕਿਹਾ ਹੈ। ਵਰਣਨਯੋਗ ਹੈ ਕਿ ਸਵਰਨ ਸਲਾਰੀਆ ਪਠਾਨਕੋਟ ਨਾਲ ਸਬੰਧਤ ਹਨ ਅਤੇ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਟਿਕਟ ’ਤੇ ਚੋਣ ਵੀ ਲੜ ਚੁੱਕੇ ਹਨ। ਸਲਾਰੀਆ ’ਤੇ ਦੋਸ਼ ਹੈ ਕਿ ਉਨ੍ਹਾਂ ਇਕ ਸਥਾਨਕ ਚੈਨਲ ’ਤੇ ਇੰਟਰਵਿਊ ਦੌਰਾਨ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ’ਤੇ ਕੁਝ ਟਿੱਪਣੀਆਂ ਕੀਤੀਆਂ ਸਨ, ਜਿਸ ’ਤੇ ਇਹ ਨੋਟਿਸ ਜਾਰੀ ਕੀਤਾ ਗਿਆ ਹੈ।

ਸਲਾਰੀਆ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਭਾਜਪਾ ਵਿਚ ਜਿਸ ਨੇ ਵੀ ਰਹਿਣਾ ਹੈ, ਉਸ ਨੂੰ ਅਸ਼ਵਨੀ ਸ਼ਰਮਾ ਦੀ ਜੀ-ਹਜ਼ੂਰੀ ਕਰਨੀ ਪਵੇਗੀ। ਅਸ਼ਵਨੀ ਸ਼ਰਮਾ ਦੇ ਅੱਗੇ-ਪਿੱਛੇ ਘੁੰਮਣ ਨਾਲ ਹੀ ਪਾਰਟੀ ਵਿਚ ਅਹਿਮ ਅਹੁਦੇ ਮਿਲਦੇ ਹਨ। ਉਨ੍ਹਾਂ ਕਿਹਾ ਸੀ ਕਿ ਅਸ਼ਵਨੀ ਸ਼ਰਮਾ ’ਤੇ ਇਹ ਕਹਾਵਤ ਫਿੱਟ ਬੈਠਦੀ ਹੈ ਕਿ ਜਿਹੜਾ ਦੂਜਿਆਂ ਲਈ ਟੋਏ ਪੁੱਟਦਾ ਹੈ, ਉਸ ਵਿਚ ਖ਼ੁਦ ਡਿੱਗਦਾ ਹੈ। ਸ਼ਰਮਾ ਨੇ ਪ੍ਰਧਾਨ ਹੁੰਦੇ ਹੋਏ ਜੋ ਟੋਏ ਪੁੱਟੇ, ਉਸ ਵਿਚ ਉਹ ਖ਼ੁਦ ਡਿੱਗ ਪਏ।

ਸਲਾਰੀਆ ਨੇ ਦੋਸ਼ ਲਾਉਂਦੇ ਹੋਏ ਇਹ ਵੀ ਕਿਹਾ ਸੀ ਕਿ ਮਾਸਟਰ ਮੋਹਨ ਲਾਲ ਇਕ ਸਮੇਂ ਅਸ਼ਵਨੀ ਸ਼ਰਮਾ ਨੂੰ ਭਾਜਪਾ ਵਿਚ ਲੈ ਕੇ ਆਏ ਸਨ। ਸ਼ਰਮਾ ਨੇ ਪਾਵਰਫੁਲ ਹੁੰਦਿਆਂ ਹੀ ਸਭ ਤੋਂ ਪਹਿਲਾਂ ਮਾਸਟਰ ਜੀ ਨੂੰ ਖੁੱਡੇ ਲਾਈਨ ਲਾਇਆ। ਸਲਾਰੀਆ ਨੇ ਇਸ ਇੰਟਰਵਿਊ ਵਿਚ ਇਹ ਵੀ ਦੋਸ਼ ਲਾਇਆ ਸੀ ਕਿ ਪਿਛਲੇ 40 ਸਾਲਾਂ ਤੋਂ ਜਿਹੜੇ ਲੋਕ ਭਾਜਪਾ ਨੂੰ ਮਜ਼ਬੂਤ ਕਰਨ ’ਚ ਲੱਗੇ ਹੋਏ ਸਨ, ਜਿਨ੍ਹਾਂ ਨੇ ਪਾਰਟੀ ਨੂੰ ਤਰੱਕੀ ਦਿਵਾਈ, ਉਨ੍ਹਾਂ ਸਾਰਿਆਂ ਨੂੰ ਅਸ਼ਵਨੀ ਸ਼ਰਮਾ ਨੇ ਘਰ ਬਿਠਾ ਦਿੱਤਾ।

ਸਲਾਰੀਆ ਨੇ ਇਹ ਵੀ ਦੋਸ਼ ਲਾਇਆ ਕਿ ਚੋਣਾਂ ਵਿਚ ਅਸ਼ਵਨੀ ਸ਼ਰਮਾ ਨੇ ਪਾਰਟੀ ਦਾ ਬੇੜਾ ਤਾਂ ਗਰਕ ਕੀਤਾ ਹੀ, ਨਾਲ ਹੀ ਉਨ੍ਹਾਂ ਦਾ ਵੀ ਕਰ ਦਿੱਤਾ। ਅਸ਼ਵਨੀ ਸ਼ਰਮਾ ਦੀ ਈਗੋ ਦੇ ਚੱਕਰ ਵਿਚ ਪਾਰਟੀ ਬਰਬਾਦ ਹੋ ਗਈ ਹੈ। ਸ਼ਰਮਾ ਚਾਹੁੰਦੇ ਹਨ ਕਿ ਪਾਰਟੀ ਦੇ ਨੇਤਾ ਉਨ੍ਹਾਂ ਦੀ ਜੀ-ਹਜ਼ੂਰੀ ਕਰਨ, ਉਨ੍ਹਾਂ ਦੇ ਘਰ ਦੇ ਚੱਕਰ ਲਾਉਣ, ਜਦੋਂਕਿ ਭਾਰਤੀ ਜਨਤਾ ਪਾਰਟੀ ਦੀ ਅਜਿਹੀ ਸੋਚ ਨਹੀਂ ਹੈ। ਅਸ਼ਵਨੀ ਸ਼ਰਮਾ ਨੇ ਈਗੋ ਦੇ ਚੱਕਰ ਵਿਚ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਵੀ ਅਪਮਾਨ ਕੀਤਾ ਹੈ। ਜੇ ਉਨ੍ਹਾਂ ਵਿਚ ਥੋੜ੍ਹੀ ਜਿਹੀ ਵੀ ਇਨਸਾਨੀਅਤ ਹੈ ਤਾਂ ਉਹ ਚੰਡੀਗੜ੍ਹ ਦਫ਼ਤਰ ਜਾਣ ਅਤੇ ਸੁਨੀਲ ਜਾਖੜ ਤੋਂ ਮੁਆਫ਼ੀ ਮੰਗ ਕੇ ਆਉਣ। ਸਲਾਰੀਆ ਦੀ ਇਸ ਇੰਟਰਵਿਊ ਨੂੰ ਭਾਜਪਾ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਮਾਮਲੇ ’ਚ ਉਨ੍ਹਾਂ ਨੂੰ 7 ਦਿਨਾਂ ਅੰਦਰ ਸਫ਼ਾਈ ਦੇਣ ਲਈ ਕਿਹਾ ਹੈ। ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਸਲਾਰੀਆ ਨੂੰ ਫਿਲਹਾਲ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਉਨ੍ਹਾਂ ਦੇ ਜਵਾਬ ਤੋਂ ਬਾਅਦ ਹੀ ਹੋਵੇਗੀ।

Add a Comment

Your email address will not be published. Required fields are marked *